14ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ।
15ਹੁਣ ਮੇਰੀਆਂ ਅੱਖਾਂ ਖੁੱਲੀਆਂ ਰਹਿਣਗੀਆਂ ਅਤੇ ਮੇਰੇ ਕੰਨ ਇਸ ਸਥਾਨ ਤੇ ਹੋਣ ਵਾਲੀਆਂ ਪ੍ਰਾਰਥਨਾ ਵੱਲ ਲੱਗੇ ਰਹਿਣਗੇ।
16ਮੈਂ ਇਸ ਭਵਨ ਨੂੰ ਚੁਣਿਆ ਅਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਸਦਾ ਲਈ ਰਹੇ। ਮੇਰੀਆਂ ਅੱਖਾਂ ਅਤੇ ਮੇਰਾ ਦਿਲ ਹਮੇਸ਼ਾ ਉੱਥੇ ਰਹਿਣਗੇ।
17“ਜੇਕਰ ਤੂੰ ਮੇਰੇ ਅੱਗੇ ਆਪਣੇ ਪਿਤਾ ਦਾਵੀਦ ਵਾਂਗ ਵਫ਼ਾਦਾਰੀ ਨਾਲ ਚੱਲੇ ਅਤੇ ਮੇਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਨਾ ਕਰੇਂਗਾ,
18ਮੈਂ ਤੇਰੇ ਸ਼ਾਹੀ ਸਿੰਘਾਸਣ ਨੂੰ ਸਦਾ ਲਈ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਵੀਦ ਨਾਲ ਨੇਮ ਕੀਤਾ, ‘ਕਿ ਇਸਰਾਏਲ ਵਿੱਚ ਹਾਕਮ ਬਣਨ ਲਈ ਤੈਨੂੰ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ।’