18“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਪਹਿਲੇ ਮਹੀਨੇ ਦੇ ਪਹਿਲੇ ਦਿਨ, ਤੁਸੀਂ ਇੱਕ ਬਲਦ ਨੂੰ ਬਿਨਾਂ ਕਿਸੇ ਨੁਕਸ ਤੋਂ ਲੈ ਕੇ ਪਵਿੱਤਰ ਸਥਾਨ ਨੂੰ ਸ਼ੁੱਧ ਕਰਨਾ ਹੈ।
19ਜਾਜਕ ਨੂੰ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਦਰ ਦੇ ਦਰਵਾਜ਼ੇ ਦੀਆਂ ਚੌਂਕਾਂ ਉੱਤੇ, ਜਗਵੇਦੀ ਦੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਉੱਤੇ ਲਗਾਉਣਾ ਚਾਹੀਦਾ ਹੈ।
20ਤੁਹਾਨੂੰ ਮਹੀਨੇ ਦੇ ਸੱਤਵੇਂ ਦਿਨ ਕਿਸੇ ਵੀ ਵਿਅਕਤੀ ਲਈ ਅਜਿਹਾ ਕਰਨਾ ਚਾਹੀਦਾ ਹੈ ਜੋ ਅਣਜਾਣੇ ਵਿੱਚ ਜਾਂ ਅਗਿਆਨਤਾ ਨਾਲ ਪਾਪ ਕਰਦਾ ਹੈ; ਇਸ ਲਈ ਤੁਹਾਨੂੰ ਮੰਦਰ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ।
21“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਤੁਹਾਨੂੰ ਪਸਾਹ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਇਹ ਤਿਉਹਾਰ ਸੱਤ ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਤੁਸੀਂ ਬਿਨਾਂ ਖਮੀਰ ਦੀ ਰੋਟੀ ਖਾਓ।
22ਉਸ ਦਿਨ ਰਾਜਕੁਮਾਰ ਨੂੰ ਆਪਣੇ ਲਈ ਅਤੇ ਦੇਸ਼ ਦੇ ਸਾਰੇ ਲੋਕਾਂ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਹੈ।