ਅੱਯੋਬ 35

1ਤਦ ਅਲੀਹੂ ਨੇ ਕਿਹਾ:

2“ਕੀ ਤੈਨੂੰ ਲਗਦਾ ਹੈ ਕਿ ਇਹ ਸਹੀ ਹੈ? ਤੂੰ ਆਖਦਾ ਹੈ, ‘ਮੈਂ ਸਹੀ ਹਾਂ, ਪਰਮੇਸ਼ਵਰ ਨਹੀਂ।’

3ਫਿਰ ਵੀ ਤੂੰ ਉਸ ਨੂੰ ਪੁੱਛਦਾ ਹੈ, ‘ਇਸਦਾ ਮੈਨੂੰ ਕੀ ਲਾਭ ਹੈ, ਅਤੇ ਮੈਨੂੰ ਪਾਪ ਨਾ ਕਰਨ ਨਾਲ ਕੀ ਲਾਭ ਹੈ?’

4“ਮੈਂ ਤੈਨੂੰ ਅਤੇ ਨਾਲ ਤੇਰੇ ਦੋਸਤਾਂ ਨੂੰ ਇਸ ਦਾ ਜਵਾਬ ਦੇਣਾ ਚਾਹਾਂਗਾ।

5ਅਕਾਸ਼ ਵੱਲ ਵੇਖ ਅਤੇ ਧਿਆਨ ਕਰ; ਆਪਣੇ ਉੱਪਰ ਇੰਨੇ ਉੱਚੇ ਬੱਦਲਾਂ ਉੱਤੇ ਨਜ਼ਰ ਮਾਰ।

6ਜੇ ਤੂੰ ਪਾਪ ਕਰਦਾ ਹੈ, ਤਾਂ ਇਸ ਦਾ ਉਸ ਉੱਤੇ ਕੀ ਅਸਰ ਪੈਂਦਾ ਹੈ? ਜੇ ਤੇਰੇ ਪਾਪ ਬਹੁਤ ਹਨ, ਤਾਂ ਉਸ ਨਾਲ ਕੀ ਹੋਵੇਗਾ?

7ਜੇਕਰ ਤੂੰ ਧਰਮੀ ਹੈ, ਤਾਂ ਤੂੰ ਉਹ ਨੂੰ ਕੀ ਦਿੰਦਾ ਹੈ, ਜਾਂ ਉਹ ਤੇਰੇ ਹੱਥੋਂ ਕੀ ਪ੍ਰਾਪਤ ਕਰਦਾ ਹੈ?

8ਤੁਹਾਡੀ ਦੁਸ਼ਟਤਾ ਸਿਰਫ ਤੁਹਾਡੇ ਵਰਗੇ ਮਨੁੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਤੁਹਾਡੀ ਧਾਰਮਿਕਤਾ ਸਿਰਫ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

9“ਲੋਕ ਜ਼ੁਲਮ ਦੇ ਬੋਝ ਹੇਠ ਚੀਕਦੇ ਹਨ; ਉਹ ਤਾਕਤਵਰ ਦੀ ਬਾਂਹ ਤੋਂ ਛੁਟਕਾਰਾ ਪਾਉਣ ਲਈ ਬੇਨਤੀ ਕਰਦੇ ਹਨ।

10ਪਰ ਕੋਈ ਨਹੀਂ ਕਹਿੰਦਾ, ‘ਕਿੱਥੇ ਹੈ ਪਰਮੇਸ਼ਵਰ ਮੇਰਾ ਸਿਰਜਣਹਾਰ, ਜੋ ਮੈਨੂੰ ਔਖੇ ਸਮੇਂ ਸੰਭਾਲਦਾ ਹੈ।

11ਪਰਮੇਸ਼ਵਰ ਨੇ ਸਾਨੂੰ ਧਰਤੀ ਦੇ ਜਾਨਵਰਾਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵੱਧ ਬੁੱਧੀਮਾਨ ਬਣਾਇਆ ਹੈ।’

12ਪਰਮੇਸ਼ਵਰ ਜਵਾਬ ਨਹੀਂ ਦਿੰਦਾ ਜਦੋਂ ਦੁਸ਼ਟ ਲੋਕ ਹੰਕਾਰ ਵਿੱਚ ਦੁਹਾਈ ਦਿੰਦੇ ਹਨ।

13ਸੱਚ-ਮੁੱਚ, ਪਰਮੇਸ਼ਵਰ ਉਹਨਾਂ ਦੀ ਖਾਲੀ ਫਰਿਆਦ ਨਹੀਂ ਸੁਣਦਾ; ਸਰਵਸ਼ਕਤੀਮਾਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।

14ਤਾਂ ਉਹ ਕਿੰਨੀ ਘੱਟ ਸੁਣੇਗਾ ਖਾਸ ਕਰਕੇ ਜਦੋਂ ਤੂੰ ਕਹੇਗਾ ਕਿ ਮੈਂ ਉਸਨੂੰ ਨਹੀਂ ਵੇਖਦਾ, ਤੇਰੇ ਮੁਕੱਦਮੇ ਉਸਦੇ ਸਾਹਮਣੇ ਹਨ ਅਤੇ ਤੈਨੂੰ ਉਸਦੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ,

15ਅਤੇ ਇਸ ਤੋਂ ਵੀ ਵਧ, ਕਿ ਉਸਦਾ ਗੁੱਸਾ ਕਦੇ ਵੀ ਸਜ਼ਾ ਨਹੀਂ ਦਿੰਦਾ ਅਤੇ ਦੁਸ਼ਟਤਾ ਬਾਰੇ ਬਹੁਤ ਜ਼ਿਆਦਾ ਚਿੰਤਤ ਨਹੀਂ ਹੈ

16ਇਸ ਲਈ ਅੱਯੋਬ ਨੇ ਖਾਲੀ ਗੱਲਾਂ ਨਾਲ ਆਪਣਾ ਮੂੰਹ ਖੋਲ੍ਹਿਆ; ਬਿਨਾਂ ਗਿਆਨ ਦੇ ਉਹ ਸ਼ਬਦਾਂ ਨੂੰ ਗੁਣਾ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.