ਅੱਯੋਬ 34

1ਤਦ ਅਲੀਹੂ ਨੇ ਕਿਹਾ:

2“ਮੇਰੇ ਬਚਨ ਸੁਣੋ, ਹੇ ਸਿਆਣੇ ਲੋਕੋ; ਹੇ ਵਿਦਵਾਨੋ, ਮੇਰੀ ਗੱਲ ਸੁਣੋ।

3ਕਿਉਂਕਿ ਕੰਨ ਸ਼ਬਦਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦਾ ਸਵਾਦ ਲੈਂਦੀ ਹੈ।

4ਆਓ ਆਪਾਂ ਸਮਝੀਏ ਜੋ ਸਹੀ ਹੈ; ਆਓ ਇਕੱਠੇ ਸਿੱਖੀਏ ਜੋ ਚੰਗਾ ਹੈ।

5“ਅੱਯੋਬ ਆਖਦਾ ਹੈ, ‘ਮੈਂ ਨਿਰਦੋਸ਼ ਹਾਂ, ਪਰ ਪਰਮੇਸ਼ਵਰ ਨੇ ਮੈਨੂੰ ਇਨਸਾਫ਼ ਤੋਂ ਇਨਕਾਰ ਕੀਤਾ ਹੈ।

6ਭਾਵੇਂ ਮੈਂ ਸਹੀ ਹਾਂ, ਮੈਨੂੰ ਝੂਠਾ ਮੰਨਿਆ ਜਾਂਦਾ ਹੈ; ਭਾਵੇਂ ਮੈਂ ਨਿਰਦੋਸ਼ ਹਾਂ, ਉਸ ਦਾ ਤੀਰ ਇੱਕ ਲਾਇਲਾਜ ਜ਼ਖਮ ਕਰ ਦਿੰਦਾ ਹੈ।’

7ਕੀ ਅੱਯੋਬ ਵਰਗਾ ਕੋਈ ਹੈ, ਜੋ ਮਖੌਲ ਨੂੰ ਪਾਣੀ ਵਾਂਗੂੰ ਪੀਵੇ?

8ਉਹ ਦੁਸ਼ਟਾਂ ਨਾਲ ਸੰਗਤ ਰੱਖਦਾ ਹੈ; ਉਹ ਦੁਸ਼ਟਾਂ ਦੀ ਸੰਗਤ ਕਰਦਾ ਹੈ।

9ਕਿਉਂਕਿ ਉਹ ਕਹਿੰਦਾ ਹੈ, ‘ਪਰਮੇਸ਼ਵਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਕੋਈ ਲਾਭ ਨਹੀਂ ਹੈ।’

10“ਇਸ ਲਈ ਤੁਸੀਂ ਸਮਝਦਾਰ ਲੋਕੋ, ਮੇਰੀ ਗੱਲ ਸੁਣੋ। ਪਰਮੇਸ਼ਵਰ ਦੇ ਲਈ ਇਹ ਸੰਭਵ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੁਰਾਈ ਕਰੇ, ਸਰਵਸ਼ਕਤੀਮਾਨ ਤੋਂ ਕੋਈ ਭੁੱਲ ਸੰਭਵ ਨਹੀਂ।

11ਉਹ ਹਰ ਕਿਸੇ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਬਦਲਾ ਦਿੰਦਾ ਹੈ; ਉਹ ਉਹਨਾਂ ਉੱਤੇ ਉਹ ਲਿਆਉਂਦਾ ਹੈ ਜੋ ਉਹਨਾਂ ਦਾ ਆਚਰਣ ਯੋਗ ਹੈ।

12ਇਹ ਅਸੰਭਵ ਹੈ ਕਿ ਪਰਮੇਸ਼ਵਰ ਗਲਤ ਕਰੇਗਾ, ਕਿ ਸਰਵਸ਼ਕਤੀਮਾਨ ਨਿਆਂ ਨੂੰ ਵਿਗਾੜ ਦੇਵੇਗਾ।

13ਕਿਸਨੇ ਉਸਨੂੰ ਧਰਤੀ ਉੱਤੇ ਨਿਯੁਕਤ ਕੀਤਾ? ਉਸ ਨੂੰ ਸਾਰੇ ਸੰਸਾਰ ਦਾ ਅਧਿਕਾਰੀ ਕਿਸਨੇ ਬਣਾਇਆ?

14ਜੇ ਪਰਮੇਸ਼ਵਰ ਇਰਾਦਾ ਕਰ ਲਵੇ ਅਤੇ ਉਹ ਆਪਣਾ ਆਤਮਾ ਅਤੇ ਸਾਹ ਸਾਡੇ ਤੋਂ ਵਾਪਸ ਲੈ ਲਵੇ,

15ਤਾਂ ਸਾਰੀ ਮਨੁੱਖਤਾ ਇਕੱਠੀ ਨਾਸ਼ ਹੋ ਜਾਵੇਗੀ ਅਤੇ ਮਨੁੱਖਜਾਤੀ ਮਿੱਟੀ ਵਿੱਚ ਵਾਪਸ ਆ ਜਾਵੇਗੀ।

16“ਹੇ ਅੱਯੂਬ, ਜੇ ਤੈਨੂੰ ਸਮਝ ਹੈ, ਤਾਂ ਇਹ ਸੁਣੋ; ਜੋ ਮੈਂ ਕਹਿੰਦਾ ਹਾਂ ਸੁਣੋ।

17ਕੀ ਨਿਆਂ ਨਾਲ ਨਫ਼ਰਤ ਕਰਨ ਵਾਲਾ ਕੋਈ ਸ਼ਾਸਨ ਕਰ ਸਕਦਾ ਹੈ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਗਾ?

18ਕੀ ਇਹ ਉਹ ਨਹੀਂ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਨਿਕੰਮੇ ਹੋ,’ ਅਤੇ ਸਰਦਾਰਾਂ ਨੂੰ, ‘ਤੁਸੀਂ ਦੁਸ਼ਟ ਹੋ,’

19ਜਿਹੜਾ ਸਰਦਾਰਾਂ ਦਾ ਪੱਖਪਾਤ ਨਹੀਂ ਕਰਦਾ ਅਤੇ ਗਰੀਬਾਂ ਉੱਤੇ ਅਮੀਰਾਂ ਦੀ ਕਿਰਪਾ ਨਹੀਂ ਕਰਦਾ, ਕਿਉਂ ਜੋ ਇਹ ਸਭ ਉਸਦੇ ਹੱਥਾਂ ਦੇ ਕੰਮ ਹਨ?

20ਇੱਥੋਂ ਤੱਕ ਸ਼ਕਤੀਸ਼ਾਲੀ ਰਾਜੇ, ਅੱਧੀ ਰਾਤ ਨੂੰ ਮਰ ਜਾਂਦੇ ਹਨ; ਅਤੇ ਬਲਵਾਨ ਬਿਨ੍ਹਾਂ ਹੱਥ ਲਾਏ ਚਲੇ ਜਾਂਦੇ ਹਨ।

21“ਉਸ ਦੀਆਂ ਨਜ਼ਰਾਂ ਪ੍ਰਾਣੀਆਂ ਦੇ ਰਾਹਾਂ ਉੱਤੇ ਲੱਗੀਆਂ ਰਹਿੰਦੀਆ ਹਨ; ਉਹ ਉਹਨਾਂ ਦੇ ਹਰ ਕਦਮ ਨੂੰ ਦੇਖਦਾ ਹੈ।

22ਇੱਥੇ ਕੋਈ ਡੂੰਘਾ ਪਰਛਾਵਾਂ ਨਹੀਂ, ਕੋਈ ਘੋਰ ਹਨੇਰਾ ਨਹੀਂ, ਜਿੱਥੇ ਦੁਸ਼ਟ ਲੁਕ ਸਕਦੇ ਹਨ।

23ਪਰਮੇਸ਼ਵਰ ਨੂੰ ਲੋਕਾਂ ਦੀ ਹੋਰ ਜਾਂਚ ਕਰਨ ਦੀ ਕੋਈ ਲੋੜ ਨਹੀਂ ਹੈ, ਕਿ ਉਹ ਨਿਆਂ ਲਈ ਉਸ ਦੇ ਸਾਹਮਣੇ ਆਉਣ।

24ਬਿਨਾਂ ਪੁੱਛ-ਪੜਤਾਲ ਦੇ ਉਹ ਬਲਵਾਨਾਂ ਨੂੰ ਤੋੜਦਾ ਹੈ ਅਤੇ ਉਹਨਾਂ ਦੀ ਥਾਂ ਹੋਰਾਂ ਨੂੰ ਖੜ੍ਹਾ ਕਰਦਾ ਹੈ।

25ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਾ ਹੈ, ਉਹ ਰਾਤ ਨੂੰ ਉਹਨਾਂ ਨੂੰ ਉਖਾੜ ਸੁੱਟਦਾ ਹੈ ਅਤੇ ਉਹ ਚੂਰ-ਚੂਰ ਹੋ ਜਾਂਦੇ ਹਨ।

26ਉਹ ਉਹਨਾਂ ਨੂੰ ਉਹਨਾਂ ਦੀਆਂ ਬੁਰਾਈਆਂ ਲਈ ਸਜ਼ਾ ਦਿੰਦਾ ਹੈ ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਹੈ,

27ਕਿਉਂ ਜੋ ਉਹ ਉਸ ਦੇ ਪਿੱਛੇ ਤੁਰਨ ਤੋਂ ਮੁੜੇ ਅਤੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਾ ਕੀਤੀ।

28ਉਹਨਾਂ ਨੇ ਗਰੀਬਾਂ ਦੀ ਦੁਹਾਈ ਉਸ ਦੇ ਅੱਗੇ ਪੇਸ਼ ਕੀਤੀ, ਤਾਂ ਜੋ ਉਸ ਨੇ ਲੋੜਵੰਦਾਂ ਦੀ ਦੁਹਾਈ ਸੁਣੀ।

29ਪਰ ਜੇ ਉਹ ਚੁੱਪ ਰਹੇ ਤਾਂ ਕੌਣ ਉਸ ਦੀ ਨਿੰਦਾ ਕਰ ਸਕਦਾ ਹੈ? ਜੇ ਉਹ ਆਪਣਾ ਮੂੰਹ ਲੁਕਾ ਲਵੇ, ਤਾਂ ਉਹ ਨੂੰ ਕੌਣ ਵੇਖ ਸਕਦਾ ਹੈ? ਫਿਰ ਵੀ ਉਹ ਵਿਅਕਤੀਗਤ ਅਤੇ ਕੌਮ ਉੱਤੇ ਇੱਕੋ ਜਿਹਾ ਹੈ,

30ਅਧਰਮੀ ਨੂੰ ਰਾਜ ਕਰਨ ਤੋਂ, ਲੋਕਾਂ ਲਈ ਫੰਦੇ ਪਾਉਣ ਤੋਂ।

31“ਫ਼ਰਜ਼ ਕਰੋ ਕਿ ਕੋਈ ਵਿਅਕਤੀ ਪਰਮੇਸ਼ਵਰ ਨੂੰ ਆਖਦਾ ਹੈ, ‘ਮੈਂ ਦੋਸ਼ੀ ਹਾਂ ਪਰ ਹੁਣ ਮੈਂ ਕੋਈ ਅਪਰਾਧ ਨਹੀਂ ਕਰਾਂਗਾ।

32ਜੋ ਮੈਂ ਨਹੀਂ ਸਮਝ ਸਕਦਾ ਤੂੰ ਮੈਨੂੰ ਉਹ ਸਿਖਾ; ਜੇ ਮੈਂ ਗਲਤ ਕੀਤਾ ਹੈ, ਤਾਂ ਮੈਂ ਅਜਿਹਾ ਦੁਬਾਰਾ ਨਹੀਂ ਕਰਾਂਗਾ।’

33ਜਦੋਂ ਤੁਸੀਂ ਤੋਬਾ ਕਰਨ ਤੋਂ ਇਨਕਾਰ ਕਰਦੇ ਹੋ ਤਾਂ ਕੀ ਪਰਮੇਸ਼ਵਰ ਨੂੰ ਤੁਹਾਡੀਆਂ ਸ਼ਰਤਾਂ ਉੱਤੇ ਤੁਹਾਨੂੰ ਇਨਾਮ ਦੇਣਾ ਚਾਹੀਦਾ ਹੈ? ਤੁਹਾਨੂੰ ਫੈਸਲਾ ਕਰਨਾ ਚਾਹੀਦਾ ਹੈ, ਮੈਂ ਨਹੀਂ; ਤਾਂ ਮੈਨੂੰ ਦੱਸੋ ਕਿ ਤੁਸੀਂ ਕੀ ਜਾਣਦੇ ਹੋ।

34“ਸਮਝ ਵਾਲੇ ਲੋਕ ਆਖਦੇ ਹਨ, ਬੁੱਧੀਮਾਨ ਆਦਮੀ ਜੋ ਮੈਨੂੰ ਸੁਣਦੇ ਹਨ, ਮੈਨੂੰ ਆਖਦੇ ਹਨ,

35‘ਅੱਯੋਬ ਬਿਨਾਂ ਗਿਆਨ ਦੇ ਬੋਲਦਾ ਹੈ; ਉਸਦੇ ਸ਼ਬਦਾਂ ਵਿੱਚ ਸਮਝ ਦੀ ਘਾਟ ਹੈ।’

36ਕਾਸ਼ ਕਿ ਅੱਯੋਬ ਅੰਤ ਪਰਤਾਇਆਂ ਜਾਂਦਾ, ਕਿਉਂਕਿ ਉਸਦੇ ਉੱਤਰਾਂ ਵਿੱਚ ਦੁਸ਼ਟਤਾ ਪਾਈ ਜਾਂਦੀ ਹੈ।

37ਆਪਣੇ ਪਾਪ ਲਈ ਉਹ ਬਗਾਵਤ ਨੂੰ ਜੋੜਦਾ ਹੈ; ਉਹ ਸਾਡੇ ਵਿਚਕਾਰ ਤਾੜੀਆਂ ਵਜਾਉਂਦਾ ਹੈ ਅਤੇ ਪਰਮੇਸ਼ਵਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਉਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.