2ਉਸ ਨੇ ਮੈਨੂੰ ਭਿਆਨਕ ਟੋਏ, ਚਿੱਕੜ ਅਤੇ ਦਲਦਲ ਵਿੱਚੋਂ ਬਾਹਰ ਕੱਢਿਆ; ਉਸ ਨੇ ਚੱਟਾਨ ਉੱਤੇ ਮੇਰੇ ਪੈਰਾਂ ਨੂੰ ਰੱਖਿਆ ਅਤੇ ਮੈਨੂੰ ਖੜ੍ਹਨ ਲਈ ਪੱਕਾ ਥਾਂ ਦਿੱਤਾ ਹੈ।
3ਉਸ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ, ਸਾਡੇ ਪਰਮੇਸ਼ਵਰ ਦੀ ਵਡਿਆਈ ਦਾ ਭਜਨ। ਬਹੁਤ ਸਾਰੇ ਯਾਹਵੇਹ ਨੂੰ ਵੇਖਣਗੇ ਅਤੇ ਡਰਨਗੇ ਅਤੇ ਉਸ ਉੱਤੇ ਭਰੋਸਾ ਰੱਖਣਗੇ।
4ਧੰਨ ਹੈ ਉਹ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ, ਜੋ ਉਹਨਾਂ ਹੰਕਾਰੀਆਂ ਵੱਲ ਨਹੀਂ ਵੇਖਦਾ, ਜਿਹੜੇ ਝੂਠੇ ਦੇਵਤਿਆਂ ਵੱਲ ਮੁੜਦੇ ਹਨ।
5ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਬਹੁਤ ਸਾਰੇ ਅਚੰਭੇ ਕੰਮ ਕੀਤੇ ਹਨ, ਬਹੁਤ ਸਾਰੀਆਂ ਚੀਜ਼ਾਂ ਦੀਆਂ ਤੂੰ ਸਾਡੇ ਲਈ ਯੋਜਨਾਵਾਂ ਬਣਾਈਆਂ ਹਨ। ਕੋਈ ਵੀ ਤੁਹਾਡੇ ਨਾਲ ਤੁਲਨਾ ਨਹੀਂ ਕਰ ਸਕਦਾ; ਜੇ ਮੈਂ ਤੇਰੇ ਕੰਮਾਂ ਬਾਰੇ ਬੋਲਾਂ ਅਤੇ ਤੇਰੇ ਕੰਮਾਂ ਬਾਰੇ ਦੱਸਾਂ, ਤਾਂ ਬਹੁਤ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
6ਬਲੀਦਾਨ ਅਤੇ ਪਾਪ ਦੀ ਭੇਟ ਨੂੰ ਤੂੰ ਨਾ ਚਾਹਿਆ ਪਰ ਤੂੰ ਮੇਰੇ ਕੰਨ ਖੋਲ੍ਹ ਦਿੱਤੇ ਹਨ ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦੀ ਤੈਨੂੰ ਲੋੜ ਨਹੀਂ ਹੈ।