1ਹੇ ਪਰਮੇਸ਼ਵਰ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ। ਮੇਰੇ ਉੱਤੇ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਮੇਰਾ ਗੜ੍ਹ ਬਣ।
2ਮੈਨੂੰ ਦੁਸ਼ਟਾਂ ਤੋਂ ਛੁਡਾ ਅਤੇ ਮੈਨੂੰ ਉਹਨਾਂ ਤੋਂ ਬਚਾ ਜੋ ਮੇਰੇ ਲਹੂ ਦੇ ਪਿਆਸੇ ਹਨ।
3ਵੇਖ ਉਹ ਮੇਰੀ ਜਾਨ ਦੀ ਉਡੀਕ ਵਿੱਚ ਕਿਵੇਂ ਬੈਠੇ ਹਨ! ਕੱਟੜ ਲੋਕ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਯਾਹਵੇਹ, ਮੈਂ ਨਾ ਕੋਈ ਅਪਰਾਧ ਕੀਤਾ ਹੈ ਅਤੇ ਨਾ ਹੀ ਕੋਈ ਪਾਪ।
4ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਵੀ ਉਹ ਮੇਰੇ ਤੇ ਹਮਲਾ ਕਰਨ ਲਈ ਤਿਆਰ ਹਨ। ਮੇਰੀ ਮਦਦ ਕਰਨ ਲਈ ਉੱਠ; ਅਤੇ ਮੈਨੂੰ ਵੇਖ!
5ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ, ਤੂੰ ਜੋ ਇਸਰਾਏਲ ਦਾ ਪਰਮੇਸ਼ਵਰ ਹੈ, ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਜਾਗ ਉੱਠ; ਦੁਸ਼ਟ ਗੱਦਾਰਾਂ ਲਈ ਕੋਈ ਦਯਾ ਨਾ ਦਿਖਾ।