19ਤਦ ਕੋਹਾਥੀਆਂ ਅਤੇ ਕੋਰਾਹੀਆਂ ਵਿੱਚੋਂ ਕੁਝ ਲੇਵੀਆਂ ਨੇ ਖੜ੍ਹੇ ਹੋ ਕੇ ਬਹੁਤ ਉੱਚੀ ਆਵਾਜ਼ ਨਾਲ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਉਸਤਤ ਕੀਤੀ।
20ਸਵੇਰੇ-ਸਵੇਰੇ ਉਹ ਤਕੋਆ ਦੇ ਮਾਰੂਥਲ ਲਈ ਰਵਾਨਾ ਹੋਏ। ਜਦੋਂ ਉਹ ਚਲੇ ਗਏ, ਤਾਂ ਯਹੋਸ਼ਾਫ਼ਾਟ ਖੜ੍ਹਾ ਹੋ ਗਿਆ ਅਤੇ ਆਖਿਆ, “ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕੋ, ਮੇਰੀ ਗੱਲ ਸੁਣੋ! ਆਪਣੇ ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖੋ ਅਤੇ ਤੁਹਾਨੂੰ ਬਰਕਰਾਰ ਰੱਖਿਆ ਜਾਵੇਗਾ; ਉਸ ਦੇ ਨਬੀਆਂ ਵਿੱਚ ਵਿਸ਼ਵਾਸ ਰੱਖੋ ਅਤੇ ਤੁਸੀਂ ਸਫਲ ਹੋਵੋਗੇ।”
21ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਯਹੋਸ਼ਾਫ਼ਾਟ ਯਾਹਵੇਹ ਲਈ ਗਾਇਕਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਅੱਗੇ-ਅੱਗੇ ਚੱਲ ਕੇ ਪਵਿੱਤਰ ਬਸਤਰਾਂ ਵਿੱਚ ਉਸਤਤ ਕਰਨ ਅਤੇ ਆਖਣ: “ਯਾਹਵੇਹ ਦਾ ਧੰਨਵਾਦ ਕਰੋ, ਉਸ ਦਾ ਪਿਆਰ ਸਦਾ ਲਈ ਕਾਇਮ ਰਹੇਗਾ।”
22ਜਦੋਂ ਉਹ ਗਾਉਣ ਅਤੇ ਉਸਤਤ ਕਰਨ ਲੱਗੇ, ਯਾਹਵੇਹ ਨੇ ਯਹੂਦਾਹ ਉੱਤੇ ਹਮਲਾ ਕਰਨ ਵਾਲੇ ਅੰਮੋਨ ਅਤੇ ਮੋਆਬ ਅਤੇ ਸੇਈਰ ਪਰਬਤ ਦੇ ਲੋਕਾਂ ਉੱਤੇ ਹਮਲਾ ਕੀਤਾ ਅਤੇ ਉਹ ਹਾਰ ਗਏ।
23ਅੰਮੋਨੀ ਅਤੇ ਮੋਆਬੀ ਲੋਕ ਸੇਈਰ ਪਰਬਤ ਤੋਂ ਉਹਨਾਂ ਨੂੰ ਤਬਾਹ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਲਈ ਉਹਨਾਂ ਦੇ ਵਿਰੁੱਧ ਉੱਠੇ। ਸੇਈਰ ਦੇ ਆਦਮੀਆਂ ਨੂੰ ਮਾਰਨ ਤੋਂ ਬਾਅਦ, ਉਹਨਾਂ ਨੇ ਇੱਕ-ਦੂਜੇ ਨੂੰ ਤਬਾਹ ਕਰਨ ਵਿੱਚ ਮਦਦ ਕੀਤੀ।