16ਜਾਜਕ ਇਸ ਨੂੰ ਸ਼ੁੱਧ ਕਰਨ ਲਈ ਯਾਹਵੇਹ ਦੇ ਪਵਿੱਤਰ ਅਸਥਾਨ ਵਿੱਚ ਗਏ। ਉਹ ਯਾਹਵੇਹ ਦੇ ਭਵਨ ਦੇ ਵਿਹੜੇ ਵਿੱਚ ਉਹ ਸਾਰੀਆਂ ਅਸ਼ੁੱਧ ਚੀਜ਼ਾਂ ਲੈ ਕੇ ਆਏ ਜੋ ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਪਾਈਆਂ ਸਨ। ਲੇਵੀਆਂ ਨੇ ਇਸ ਨੂੰ ਲੈ ਲਿਆ ਅਤੇ ਕਿਦਰੋਨ ਘਾਟੀ ਵਿੱਚ ਲੈ ਗਏ।
17ਉਹਨਾਂ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਰਸਮ ਸ਼ੁਰੂ ਕੀਤੀ, ਅਤੇ ਮਹੀਨੇ ਦੇ ਅੱਠਵੇਂ ਦਿਨ ਤੱਕ ਉਹ ਯਾਹਵੇਹ ਦੇ ਦਰਵਾਜ਼ੇ ਤੇ ਪਹੁੰਚ ਗਏ। ਅੱਠ ਹੋਰ ਦਿਨਾਂ ਲਈ ਉਹਨਾਂ ਨੇ ਪਹਿਲੇ ਮਹੀਨੇ ਦੀ ਸੋਲਾਂ ਤਾਰੀਖ਼ ਨੂੰ ਸਮਾਪਤ ਕਰਦੇ ਹੋਏ, ਯਾਹਵੇਹ ਦੇ ਭਵਨ ਨੂੰ ਪਵਿੱਤਰ ਕੀਤਾ।
18ਤਦ ਉਹਨਾਂ ਨੇ ਹਿਜ਼ਕੀਯਾਹ ਪਾਤਸ਼ਾਹ ਦੇ ਸਾਹਮਣੇ ਜਾ ਕੇ ਆਖਿਆ: “ਕਿ ਅਸੀਂ ਯਾਹਵੇਹ ਦੇ ਸਾਰੇ ਭਵਨ ਨੂੰ ਅਤੇ ਹੋਮ ਬਲੀ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ, ਉਸ ਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ।
19ਅਤੇ ਉਹਨਾਂ ਸਾਰਿਆਂ ਭਾਂਡਿਆਂ ਨੂੰ ਜਿਨ੍ਹਾਂ ਨੂੰ ਆਹਾਜ਼ ਪਾਤਸ਼ਾਹ ਨੇ ਆਪਣੇ ਰਾਜ ਵਿੱਚ ਬੇਈਮਾਨੀ ਦੇ ਕਾਰਨ ਰੱਦ ਕਰ ਛੱਡਿਆ ਸੀ ਅਸੀਂ ਪਵਿੱਤਰ ਕਰ ਦਿੱਤਾ ਅਤੇ ਵੇਖੋ, ਉਹ ਯਾਹਵੇਹ ਦੀ ਜਗਵੇਦੀ ਦੇ ਸਾਹਮਣੇ ਹਨ।”
20ਅਗਲੀ ਸਵੇਰ ਰਾਜਾ ਹਿਜ਼ਕੀਯਾਹ ਨੇ ਸ਼ਹਿਰ ਦੇ ਅਧਿਕਾਰੀਆਂ ਨੂੰ ਇਕੱਠਾ ਕੀਤਾ ਅਤੇ ਯਾਹਵੇਹ ਦੇ ਭਵਨ ਨੂੰ ਗਿਆ।