14ਹੇਮਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਯਹੀਏਲ ਅਤੇ ਸ਼ਿਮਈ; ਯਦੂਥੂਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਮਅਯਾਹ ਅਤੇ ਉਜ਼ੀਏਲ।
15ਜਦੋਂ ਉਹਨਾਂ ਨੇ ਆਪਣੇ ਸਾਥੀ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਆਪਣੇ ਆਪ ਨੂੰ ਪਵਿੱਤਰ ਕੀਤਾ, ਤਾਂ ਉਹ ਯਾਹਵੇਹ ਦੇ ਭਵਨ ਨੂੰ ਸ਼ੁੱਧ ਕਰਨ ਲਈ ਅੰਦਰ ਗਏ, ਜਿਵੇਂ ਕਿ ਰਾਜਾ ਨੇ ਹੁਕਮ ਦਿੱਤਾ ਸੀ, ਯਾਹਵੇਹ ਦੇ ਬਚਨ ਦੀ ਪਾਲਣਾ ਕੀਤੀ।
16ਜਾਜਕ ਇਸ ਨੂੰ ਸ਼ੁੱਧ ਕਰਨ ਲਈ ਯਾਹਵੇਹ ਦੇ ਪਵਿੱਤਰ ਅਸਥਾਨ ਵਿੱਚ ਗਏ। ਉਹ ਯਾਹਵੇਹ ਦੇ ਭਵਨ ਦੇ ਵਿਹੜੇ ਵਿੱਚ ਉਹ ਸਾਰੀਆਂ ਅਸ਼ੁੱਧ ਚੀਜ਼ਾਂ ਲੈ ਕੇ ਆਏ ਜੋ ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਪਾਈਆਂ ਸਨ। ਲੇਵੀਆਂ ਨੇ ਇਸ ਨੂੰ ਲੈ ਲਿਆ ਅਤੇ ਕਿਦਰੋਨ ਘਾਟੀ ਵਿੱਚ ਲੈ ਗਏ।
17ਉਹਨਾਂ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਰਸਮ ਸ਼ੁਰੂ ਕੀਤੀ, ਅਤੇ ਮਹੀਨੇ ਦੇ ਅੱਠਵੇਂ ਦਿਨ ਤੱਕ ਉਹ ਯਾਹਵੇਹ ਦੇ ਦਰਵਾਜ਼ੇ ਤੇ ਪਹੁੰਚ ਗਏ। ਅੱਠ ਹੋਰ ਦਿਨਾਂ ਲਈ ਉਹਨਾਂ ਨੇ ਪਹਿਲੇ ਮਹੀਨੇ ਦੀ ਸੋਲਾਂ ਤਾਰੀਖ਼ ਨੂੰ ਸਮਾਪਤ ਕਰਦੇ ਹੋਏ, ਯਾਹਵੇਹ ਦੇ ਭਵਨ ਨੂੰ ਪਵਿੱਤਰ ਕੀਤਾ।
18ਤਦ ਉਹਨਾਂ ਨੇ ਹਿਜ਼ਕੀਯਾਹ ਪਾਤਸ਼ਾਹ ਦੇ ਸਾਹਮਣੇ ਜਾ ਕੇ ਆਖਿਆ: “ਕਿ ਅਸੀਂ ਯਾਹਵੇਹ ਦੇ ਸਾਰੇ ਭਵਨ ਨੂੰ ਅਤੇ ਹੋਮ ਬਲੀ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ, ਉਸ ਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ।