15ਉਹਨਾਂ ਨੇ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਪਸਾਹ ਦੇ ਲੇਲੇ ਨੂੰ ਵੱਢਿਆ। ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਾ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਾਹਵੇਹ ਦੇ ਭਵਨ ਵਿੱਚ ਹੋਮ ਦੀਆਂ ਭੇਟਾਂ ਲੈ ਕੇ ਆਏ।
16ਫਿਰ ਉਹਨਾਂ ਨੇ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੀ ਬਿਵਸਥਾ ਵਿੱਚ ਦਰਸਾਏ ਅਨੁਸਾਰ ਆਪਣਾ ਨਿਯਮਿਤ ਅਹੁਦਾ ਸੰਭਾਲ ਲਿਆ। ਜਾਜਕਾਂ ਨੇ ਲੇਵੀਆਂ ਦੁਆਰਾ ਉਹਨਾਂ ਨੂੰ ਦਿੱਤਾ ਲਹੂ ਜਗਵੇਦੀ ਉੱਤੇ ਛਿੜਕਿਆ।
17ਕਿਉਂਕਿ ਭੀੜ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ, ਇਸ ਲਈ ਲੇਵੀਆਂ ਨੂੰ ਉਹਨਾਂ ਸਾਰਿਆਂ ਲਈ ਪਸਾਹ ਦੇ ਲੇਲਿਆਂ ਨੂੰ ਮਾਰਨਾ ਪਿਆ ਜੋ ਰਸਮੀ ਤੌਰ ਤੇ ਸ਼ੁੱਧ ਨਹੀਂ ਸਨ ਅਤੇ ਆਪਣੇ ਲੇਲੇ ਨੂੰ ਯਾਹਵੇਹ ਲਈ ਪਵਿੱਤਰ ਨਹੀਂ ਕਰ ਸਕਦੇ ਸਨ।
18ਭਾਵੇਂ ਇਫ਼ਰਾਈਮ, ਮਨੱਸ਼ੇਹ, ਯਿੱਸਾਕਾਰ ਅਤੇ ਜ਼ਬੂਲੁਨ ਤੋਂ ਆਏ ਬਹੁਤਿਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ ਸੀ, ਤਾਂ ਵੀ ਉਹਨਾਂ ਨੇ ਪਸਾਹ ਦਾ ਭੋਜਨ ਖਾਧਾ ਜੋ ਲਿਖਿਆ ਹੋਇਆ ਸੀ। ਪਰ ਹਿਜ਼ਕੀਯਾਹ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ, “ਯਾਹਵੇਹ, ਜੋ ਭਲਾ ਹੈ, ਹਰ ਉਸ ਵਿਅਕਤੀ ਨੂੰ ਮਾਫ਼ ਕਰੇ
19ਜੋ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਦਿਲ ਲਗਾਉਂਦੇ ਹਨ। ਭਾਵੇਂ ਉਹ ਪਵਿੱਤਰ ਅਸਥਾਨ ਦੇ ਨਿਯਮਾਂ ਅਨੁਸਾਰ ਸਾਫ਼ ਵੀ ਨਹੀਂ ਹਨ।”