21ਅਤੇ ਜਿਹੜੇ ਇਸਰਾਏਲੀ ਯੇਰੂਸ਼ਲੇਮ ਵਿੱਚ ਮੌਜੂਦ ਸਨ ਉਹਨਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਰ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਾਹਵੇਹ ਦੇ ਦਰਬਾਰ ਵਿੱਚ ਗਾ-ਗਾ ਕੇ ਹਮੇਸ਼ਾ ਯਾਹਵੇਹ ਦੀ ਉਸਤਤ ਕਰਦੇ ਰਹੇ।
22ਹਿਜ਼ਕੀਯਾਹ ਨੇ ਸਾਰੇ ਲੇਵੀਆਂ ਨੂੰ ਹੌਸਲਾ ਦਿੱਤਾ, ਜਿਨ੍ਹਾਂ ਨੇ ਯਾਹਵੇਹ ਦੀ ਸੇਵਾ ਬਾਰੇ ਚੰਗੀ ਸਮਝ ਦਿਖਾਈ। ਸੱਤਾਂ ਦਿਨਾਂ ਤੱਕ ਉਹਨਾਂ ਨੇ ਆਪਣਾ ਦਿੱਤਾ ਹੋਇਆ ਹਿੱਸਾ ਖਾਧਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੀ ਉਸਤਤ ਕੀਤੀ।
23ਸਾਰੀ ਸਭਾ ਫਿਰ ਸੱਤ ਦਿਨ ਹੋਰ ਤਿਉਹਾਰ ਮਨਾਉਣ ਲਈ ਸਹਿਮਤ ਹੋ ਗਈ ਅਤੇ ਇਸ ਲਈ ਉਹਨਾਂ ਨੇ ਹੋਰ ਸੱਤ ਦਿਨ ਖੁਸ਼ੀ ਨਾਲ ਮਨਾਇਆ।
24ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਸਭਾ ਲਈ ਇੱਕ ਹਜ਼ਾਰ ਬਲਦ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਹਜ਼ਾਰ ਬਲਦ ਅਤੇ ਦਸ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ। ਬਹੁਤ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ।
25ਯਹੂਦਾਹ ਦੀ ਸਾਰੀ ਸਭਾ, ਜਾਜਕਾਂ, ਲੇਵੀਆਂ ਅਤੇ ਇਸਰਾਏਲ ਤੋਂ ਆਏ ਸਾਰੇ ਲੋਕਾਂ ਸਮੇਤ, ਇਸਰਾਏਲ ਤੋਂ ਆਏ ਵਿਦੇਸ਼ੀ ਅਤੇ ਯਹੂਦਾਹ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਅਨੰਦ ਕੀਤਾ।