20ਤਾਂ ਜੋ ਤੇਰੀਆਂ ਅੱਖਾਂ ਰਾਤ ਦਿਨ ਇਸ ਭਵਨ ਵੱਲ ਖੁਲ੍ਹੀਆਂ ਰਹਿਣ ਅਰਥਾਤ ਇਸ ਥਾਂ ਵੱਲ ਜਿਸ ਦੇ ਬਾਰੇ ਤੂੰ ਕਿਹਾ ਸੀ ਕਿ ਮੈਂ ਆਪਣਾ ਨਾਮ ਉੱਥੇ ਰਹੇਗਾ ਤਾਂ ਜੋ ਤੂੰ ਉਸ ਬੇਨਤੀ ਨੂੰ ਸੁਣੇਂ ਜੋ ਤੇਰਾ ਦਾਸ ਇਸ ਅਸਥਾਨ ਵੱਲ ਕਰੇ।
21ਆਪਣੇ ਸੇਵਕ ਅਤੇ ਆਪਣੇ ਲੋਕਾਂ ਇਸਰਾਏਲ ਦੀਆਂ ਬੇਨਤੀਆਂ ਨੂੰ ਸੁਣ ਜਦੋਂ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ। ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈ ਅਤੇ ਸੁਣ ਕੇ ਮਾਫ਼ ਕਰੀਂ।
22“ਜਦੋਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬੁਰਾ ਕਰੇ ਅਤੇ ਉਸ ਤੋਂ ਸਹੁੰ ਖਵਾਈ ਜਾਵੇ ਅਤੇ ਉਹ ਆ ਕੇ ਇਸ ਭਵਨ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸਹੁੰ ਖਾਧੀ ਜਾਵੇ,
23ਤਾਂ ਤੂੰ ਸਵਰਗ ਵਿੱਚੋਂ ਸੁਣ ਕੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਇਸ ਤਰ੍ਹਾਂ ਕਰੀ ਕਿ ਬੁਰੇ ਨੂੰ ਦੋਸ਼ੀ ਠਹਿਰਾਵੇਂ ਕਿ ਉਸ ਦੇ ਕੀਤੇ ਨੂੰ ਉਸ ਦੇ ਸਿਰ ਉੱਤੇ ਆਵੇ ਅਤੇ ਧਰਮੀ ਨੂੰ ਧਰਮੀ ਠਹਿਰਾਵੇਂ ਕਿ ਉਸ ਦੇ ਧਰਮ ਅਨੁਸਾਰ ਉਸ ਨੂੰ ਬਦਲਾ ਦਿੱਤਾ ਜਾਵੇ।
24“ਜਦ ਤੇਰੀ ਪਰਜਾ ਇਸਰਾਏਲ ਤੇਰਾ ਪਾਪ ਕਰਨ ਦੇ ਕਾਰਨ ਆਪਣੇ ਵੈਰੀਆਂ ਦੇ ਅੱਗੋਂ ਹਾਰ ਜਾਵੇ ਅਤੇ ਜਦੋਂ ਉਹ ਤੇਰੇ ਵੱਲ ਮੁੜਨ ਅਤੇ ਤੇਰੇ ਨਾਮ ਦੀ ਉਸਤਤ ਕਰਨ ਅਤੇ ਇਸ ਭਵਨ ਵਿੱਚ ਤੇਰੇ ਅੱਗੇ ਪ੍ਰਾਰਥਨਾ ਅਤੇ ਬੇਨਤੀ ਕਰਨ,