19ਫਿਰ ਵੀ ਯਾਹਵੇਹ ਨੇ ਨਬੀਆਂ ਨੂੰ ਲੋਕਾਂ ਕੋਲ ਭੇਜਿਆ ਅਤੇ ਉਹਨਾਂ ਨੂੰ ਯਾਹਵੇਹ ਵੱਲ ਮੋੜਨ ਲਈ ਕਿਹਾ। ਇਹ ਨਬੀਆਂ ਉਹਨਾਂ ਨੂੰ ਝਿੜਕਦੇ ਰਹੇ, ਫਿਰ ਵੀ ਉਹ ਨਬੀਆਂ ਦੇ ਸੰਦੇਸ਼ ਨੂੰ ਰੱਦ ਕਰਦੇ ਰਹੇ।
20ਤਦ ਪਰਮੇਸ਼ਵਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਆਇਆ। ਉਹ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਪਰਮੇਸ਼ਵਰ ਇਹ ਆਖਦਾ ਹੈ, ‘ਤੁਸੀਂ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰਦੇ ਹੋ? ਤੁਸੀਂ ਖੁਸ਼ਹਾਲ ਨਹੀਂ ਹੋਵੋਗੇ ਕਿਉਂਕਿ ਤੁਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ, ਇਸ ਲਈ ਯਾਹਵੇਹ ਨੇ ਤੁਹਾਨੂੰ ਤਿਆਗ ਦਿੱਤਾ ਹੈ।’ ”
21ਪਰ ਉਹਨਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਰਾਜੇ ਦੇ ਹੁਕਮ ਨਾਲ ਉਸ ਨੂੰ ਯਾਹਵੇਹ ਦੇ ਮੰਦਰ ਦੇ ਵਿਹੜੇ ਵਿੱਚ ਪੱਥਰ ਮਾਰ ਕੇ ਮਾਰ ਦਿੱਤਾ।
22ਰਾਜਾ ਯੋਆਸ਼ ਨੂੰ ਜ਼ਕਰਯਾਹ ਦੇ ਪਿਤਾ ਯਹੋਯਾਦਾ ਦੀ ਉਸ ਦਿਆਲਤਾ ਨੂੰ ਯਾਦ ਨਹੀਂ ਸੀ ਜੋ ਉਸ ਨੇ ਦਿਖਾਈ ਸੀ ਪਰ ਉਸ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ। ਆਪਣੀ ਮੌਤ ਤੋਂ ਪਹਿਲਾਂ ਜ਼ਕਰਯਾਹ ਦੇ ਸ਼ਬਦ ਸਨ “ਯਾਹਵੇਹ ਇਸ ਵੱਲ ਧਿਆਨ ਦੇਵੇ ਅਤੇ ਬਦਲਾ ਲਵੇ।”
23ਸਾਲ ਦੇ ਅੰਤ ਵਿੱਚ, ਅਰਾਮ ਦੀ ਫੌਜ ਨੇ ਯੋਆਸ਼ ਦੇ ਵਿਰੁੱਧ ਕੂਚ ਕੀਤਾ; ਇਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਅਤੇ ਲੋਕਾਂ ਦੇ ਸਾਰੇ ਆਗੂਆਂ ਨੂੰ ਮਾਰ ਦਿੱਤਾ। ਉਹਨਾਂ ਨੇ ਲੁੱਟ ਦਾ ਸਾਰਾ ਸਮਾਨ ਦੰਮਿਸ਼ਕ ਵਿੱਚ ਆਪਣੇ ਰਾਜੇ ਨੂੰ ਭੇਜ ਦਿੱਤਾ।