3ਉਸ ਨੇ ਆਪਣੇ ਮਾਲ ਵਿੱਚੋਂ ਪਾਤਸ਼ਾਹੀ ਹਿੱਸਾ ਹੋਮ ਬਲੀਆਂ ਲਈ ਅਤੇ ਸਵੇਰ ਤੇ ਸ਼ਾਮਾਂ ਦੀਆਂ ਹੋਮ ਬਲੀਆਂ ਅਰ ਸਬਤਾਂ ਅਤੇ ਅਮੱਸਿਆ ਅਰ ਮਿੱਥੇ ਹੋਏ ਪਰਬਾਂ ਦੀਆਂ ਹੋਮ ਬਲੀਆਂ ਲਈ ਨਿਯੁਕਤ ਕੀਤਾ ਜਿਵੇਂ ਯਾਹਵੇਹ ਬਿਵਸਥਾ ਵਿੱਚ ਲਿਖਿਆ ਹੈ।
4ਉਸ ਨੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਜਾਜਕਾਂ ਅਤੇ ਲੇਵੀਆਂ ਨੂੰ ਬਣਦਾ ਹਿੱਸਾ ਦੇਣ ਤਾਂ ਜੋ ਉਹ ਆਪਣੇ ਆਪ ਨੂੰ ਯਾਹਵੇਹ ਦੀ ਬਿਵਸਥਾ ਵਿੱਚ ਤਕੜੇ ਰਹਿਣ।
5ਜਿਵੇਂ ਹੀ ਹੁਕਮ ਜਾਰੀ ਹੋਇਆ, ਇਸਰਾਏਲੀਆਂ ਨੇ ਖੁੱਲ੍ਹੇ ਦਿਲ ਨਾਲ ਆਪਣੇ ਅਨਾਜ ਦਾ ਪਹਿਲਾ ਫਲ, ਨਵੀਂ ਦਾਖ਼ਰਸ, ਜ਼ੈਤੂਨ ਦਾ ਤੇਲ ਅਤੇ ਸ਼ਹਿਦ ਅਤੇ ਉਹ ਸਭ ਕੁਝ ਜੋ ਖੇਤਾਂ ਵਿੱਚ ਪੈਦਾ ਹੁੰਦਾ ਸੀ, ਹਰ ਚੀਜ਼ ਦਾ ਦਸਵੰਧ ਲਿਆਉਂਣ ਲੱਗੇ।
6ਇਸਰਾਏਲ ਅਤੇ ਯਹੂਦਾਹ ਦੇ ਲੋਕ ਜਿਹੜੇ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਉਹ ਵੀ ਬਲਦਾਂ ਅਤੇ ਭੇਡਾਂ ਬੱਕਰੀਆਂ ਦਾ ਦਸਵੰਧ ਅਤੇ ਉਹਨਾਂ ਪਵਿੱਤਰ ਚੀਜ਼ਾਂ ਦਾ ਦਸਵੰਧ ਜੋ ਯਾਹਵੇਹ ਉਹਨਾਂ ਦੇ ਪਰਮੇਸ਼ਵਰ ਲਈ ਪਵਿੱਤਰ ਕੀਤੀਆਂ ਗਈਆਂ ਸਨ ਲਿਆਏ ਅਤੇ ਉਹਨਾਂ ਦੇ ਢੇਰ ਲਾ ਦਿੱਤੇ।
7ਉਹਨਾਂ ਨੇ ਇਹ ਕੰਮ ਤੀਜੇ ਮਹੀਨੇ ਸ਼ੁਰੂ ਕੀਤਾ ਅਤੇ ਸੱਤਵੇਂ ਮਹੀਨੇ ਪੂਰਾ ਕੀਤਾ।