6ਉਸ ਨੇ ਲੋਕਾਂ ਉੱਤੇ ਫ਼ੌਜੀ ਅਧਿਕਾਰੀ ਨਿਯੁਕਤ ਕੀਤੇ ਅਤੇ ਉਹਨਾਂ ਨੂੰ ਸ਼ਹਿਰ ਦੇ ਦਰਵਾਜ਼ੇ ਦੇ ਚੌਂਕ ਵਿੱਚ ਆਪਣੇ ਸਾਮ੍ਹਣੇ ਇਕੱਠਾ ਕੀਤਾ ਅਤੇ ਉਹਨਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਹੌਸਲਾ ਦਿੱਤਾ:
7“ਤਕੜੇ ਹੋਵੋ ਅਤੇ ਹੌਂਸਲਾ ਰੱਖੋ। ਅੱਸ਼ੂਰ ਦੇ ਰਾਜੇ ਅਤੇ ਉਸ ਦੇ ਨਾਲ ਵੱਡੀ ਸੈਨਾ ਦੇ ਕਾਰਨ ਨਾ ਡਰੋ ਅਤੇ ਨਿਰਾਸ਼ ਨਾ ਹੋਵੋ, ਕਿਉਂਕਿ ਸਾਡੇ ਵਿੱਚ ਉਸ ਨਾਲੋਂ ਵੱਡੀ ਸ਼ਕਤੀ ਹੈ।
8ਉਸਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਾਹਵੇਹ ਸਾਡਾ ਪਰਮੇਸ਼ਵਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ।” ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ।
9ਬਾਅਦ ਵਿੱਚ, ਜਦੋਂ ਅੱਸ਼ੂਰ ਦਾ ਰਾਜਾ ਸਨਹੇਰੀਬ ਅਤੇ ਉਸਦੀ ਸਾਰੀ ਸੈਨਾ ਲਾਕੀਸ਼ ਨੂੰ ਘੇਰਾ ਪਾ ਰਹੀ ਸੀ, ਉਸਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਅਤੇ ਯਹੂਦਾਹ ਦੇ ਸਾਰੇ ਲੋਕਾਂ ਲਈ ਜਿਹੜੇ ਉੱਥੇ ਸਨ, ਆਪਣੇ ਅਫ਼ਸਰਾਂ ਨੂੰ ਇਹ ਸੰਦੇਸ਼ ਦੇ ਕੇ ਯੇਰੂਸ਼ਲੇਮ ਵਿੱਚ ਭੇਜਿਆ:
10“ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਆਖਦਾ ਹੈ ਕਿ ਤੁਸੀਂ ਕਿਸ ਗੱਲ ਉੱਤੇ ਭਰੋਸਾ ਰੱਖਦੇ ਹੋ ਕਿ ਤੁਸੀਂ ਯੇਰੂਸ਼ਲੇਮ ਵਿੱਚ ਘੇਰਾਬੰਦੀ ਵਿੱਚ ਰਹੇ ਹੋ?