8ਉਸਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਾਹਵੇਹ ਸਾਡਾ ਪਰਮੇਸ਼ਵਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ।” ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ।
9ਬਾਅਦ ਵਿੱਚ, ਜਦੋਂ ਅੱਸ਼ੂਰ ਦਾ ਰਾਜਾ ਸਨਹੇਰੀਬ ਅਤੇ ਉਸਦੀ ਸਾਰੀ ਸੈਨਾ ਲਾਕੀਸ਼ ਨੂੰ ਘੇਰਾ ਪਾ ਰਹੀ ਸੀ, ਉਸਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਅਤੇ ਯਹੂਦਾਹ ਦੇ ਸਾਰੇ ਲੋਕਾਂ ਲਈ ਜਿਹੜੇ ਉੱਥੇ ਸਨ, ਆਪਣੇ ਅਫ਼ਸਰਾਂ ਨੂੰ ਇਹ ਸੰਦੇਸ਼ ਦੇ ਕੇ ਯੇਰੂਸ਼ਲੇਮ ਵਿੱਚ ਭੇਜਿਆ:
10“ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਆਖਦਾ ਹੈ ਕਿ ਤੁਸੀਂ ਕਿਸ ਗੱਲ ਉੱਤੇ ਭਰੋਸਾ ਰੱਖਦੇ ਹੋ ਕਿ ਤੁਸੀਂ ਯੇਰੂਸ਼ਲੇਮ ਵਿੱਚ ਘੇਰਾਬੰਦੀ ਵਿੱਚ ਰਹੇ ਹੋ?
11ਜਦੋਂ ਹਿਜ਼ਕੀਯਾਹ ਕਹਿੰਦਾ ਹੈ, ‘ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ,’ ਤਾਂ ਉਹ ਤੁਹਾਨੂੰ ਗੁਮਰਾਹ ਕਰ ਰਿਹਾ ਹੈ, ਤਾਂ ਜੋ ਤੁਹਾਨੂੰ ਭੁੱਖ ਅਤੇ ਪਿਆਸ ਨਾਲ ਮਰਨ ਦੇਵੇ।
12ਕੀ ਹਿਜ਼ਕੀਯਾਹ ਨੇ ਖ਼ੁਦ ਇਨ੍ਹਾਂ ਦੇਵਤਿਆਂ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਨਹੀਂ ਹਟਾਇਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, ‘ਤੁਹਾਨੂੰ ਇੱਕ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਉਸ ਉੱਤੇ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ।’