7ਉਸਨੇ ਆਪਣੀ ਬਣਾਈ ਮੂਰਤ ਨੂੰ ਲੈ ਕੇ ਪਰਮੇਸ਼ਵਰ ਦੇ ਭਵਨ ਵਿੱਚ ਰੱਖ ਦਿੱਤਾ, ਜਿਸ ਬਾਰੇ ਪਰਮੇਸ਼ਵਰ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਨੂੰ ਕਿਹਾ ਸੀ, “ਇਸ ਭਵਨ ਵਿੱਚ ਅਤੇ ਯੇਰੂਸ਼ਲੇਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੀਆਂ ਸਾਰਿਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਮੈਂ ਆਪਣਾ ਨਾਮ ਸਦਾ ਲਈ ਰੱਖਾਂਗਾ।
8ਮੈਂ ਇਸਰਾਏਲੀਆਂ ਦੇ ਪੈਰਾਂ ਨੂੰ ਉਸ ਧਰਤੀ ਤੋਂ ਨਹੀਂ ਹਟਾਵਾਂਗਾ ਜਿਹੜੀ ਮੈਂ ਤੁਹਾਡੇ ਪੁਰਖਿਆਂ ਲਈ ਠਹਿਰਾਈ ਸੀ, ਜੇਕਰ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਜਿਨ੍ਹਾਂ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਅਰਥਾਤ ਉਹ ਸਾਰੇ ਕਾਨੂੰਨ, ਬਿਧੀਆਂ ਅਤੇ ਨਿਯਮ ਜਿਹੜੇ ਮੋਸ਼ੇਹ ਦੁਆਰਾ ਦਿੱਤੇ।”
9ਪਰ ਮਨੱਸ਼ੇਹ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ ਕਿ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੱਧ ਬੁਰਾਈਆਂ ਕੀਤੀਆਂ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਤਬਾਹ ਕੀਤਾ ਸੀ।
10ਯਾਹਵੇਹ ਨੇ ਮਨੱਸ਼ੇਹ ਅਤੇ ਉਸਦੇ ਲੋਕਾਂ ਨਾਲ ਗੱਲ ਕੀਤੀ, ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ।
11ਤਾਂ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦੇ ਸੈਨਾਪਤੀ ਨੂੰ ਉਹਨਾਂ ਦੇ ਵਿਰੁੱਧ ਲਿਆਂਦਾ, ਜਿਨ੍ਹਾਂ ਨੇ ਮਨੱਸ਼ੇਹ ਨੂੰ ਕੈਦ ਕਰ ਲਿਆ, ਉਸ ਦੇ ਨੱਕ ਵਿੱਚ ਕੁੰਡੀ ਪਾ ਦਿੱਤੀ, ਉਸ ਨੂੰ ਪਿੱਤਲ ਦੇ ਸੰਗਲ ਨਾਲ ਬੰਨ੍ਹ ਕੇ ਬਾਬੇਲ ਨੂੰ ਲੈ ਗਏ।