5ਉਸ ਨੇ ਜਾਜਕਾਂ ਦੀਆਂ ਹੱਡੀਆਂ ਨੂੰ ਉਹਨਾਂ ਦੀਆਂ ਜਗਵੇਦੀਆਂ ਉੱਤੇ ਸਾੜ ਦਿੱਤਾ ਅਤੇ ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਸ਼ੁੱਧ ਕੀਤਾ।
6ਉਸ ਨੇ ਮਨੱਸ਼ੇਹ, ਇਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਸਗੋਂ ਨਫ਼ਤਾਲੀ ਅਤੇ ਉਹਨਾਂ ਦੇ ਦੁਆਲੇ ਦੀਆਂ ਥੇਹਾਂ ਵਿੱਚ ਵੀ ਇਵੇਂ ਹੀ ਕੀਤਾ,
7ਉਸ ਨੇ ਜਗਵੇਦੀਆਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਢਾਹ ਦਿੱਤਾ ਅਤੇ ਮੂਰਤੀਆਂ ਨੂੰ ਚੂਰ-ਚੂਰ ਕਰ ਦਿੱਤਾ ਅਤੇ ਇਸਰਾਏਲ ਵਿੱਚ ਸਾਰੀਆਂ ਧੂਪ ਜਗਵੇਦੀਆਂ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਫਿਰ ਉਹ ਯੇਰੂਸ਼ਲੇਮ ਵਾਪਸ ਚਲਾ ਗਿਆ।
8ਆਪਣੇ ਰਾਜ ਦੇ ਅਠਾਰਵੇਂ ਵਰ੍ਹੇ ਜਦ ਉਹ ਦੇਸ਼ ਅਤੇ ਭਵਨ ਨੂੰ ਸਾਫ਼ ਕਰ ਚੁੱਕਿਆ ਤਾਂ ਉਸਨੇ ਅਸਲਯਾਹ ਦੇ ਪੁੱਤਰ ਸ਼ਾਫਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ਼ ਦੇ ਪੁੱਤਰ ਯੋਆਹ ਇਤਿਹਾਸ ਦੇ ਲਿਖਾਰੀ ਨੂੰ ਘੱਲਿਆ ਕਿ ਯਾਹਵੇਹ ਆਪਣੇ ਪਰਮੇਸ਼ਵਰ ਦੇ ਭਵਨ ਦੀ ਮੁਰੰਮਤ ਕਰਾਉਣ।
9ਉਹ ਹਿਲਕੀਯਾਹ ਪ੍ਰਧਾਨ ਜਾਜਕ ਨੂੰ ਮਿਲੇ ਅਤੇ ਪਰਮੇਸ਼ਵਰ ਦੇ ਭਵਨ ਲਈ ਲਿਆਂਦੇ ਗਏ ਉਸ ਰੁਪਏ ਨੂੰ ਉਸ ਦੇ ਹਵਾਲੇ ਕਰ ਦਿੱਤਾ, ਜੋ ਮਨੱਸ਼ੇਹ, ਇਫ਼ਰਾਈਮ ਅਤੇ ਇਸਰਾਏਲ ਦੇ ਕੁਝ ਹਿੱਸੇ ਅਤੇ ਸਾਰੇ ਯਹੂਦਾਹ ਬਿਨਯਾਮੀਨ ਅਤੇ ਯੇਰੂਸ਼ਲੇਮ ਦੇ ਵਾਸੀਆਂ ਤੋਂ ਲੇਵੀਆਂ ਅਤੇ ਦਰਬਾਨਾਂ ਦੁਆਰਾ ਇਕੱਠਾ ਕੀਤਾ ਗਿਆ ਸੀ।