ਯਿਰਮਿਯਾਹ 40

1ਯਾਹਵੇਹ ਨੇ ਯਿਰਮਿਯਾਹ ਨੂੰ ਇੱਕ ਸੰਦੇਸ਼ ਦਿੱਤਾ ਜਦੋਂ ਪਹਿਰੇਦਾਰਾਂ ਦੇ ਕਪਤਾਨ ਨਬੂਜ਼ਰਦਾਨ ਨੇ ਉਸਨੂੰ ਰਾਮਾਹ ਵਿੱਚ ਛੱਡ ਦਿੱਤਾ ਸੀ। ਜਦ ਉਸ ਨੂੰ ਸਾਰੇ ਗ਼ੁਲਾਮਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ੍ਹ ਕੇ ਲਈ ਜਾਂਦਾ ਸੀ, ਜਿਹੜੇ ਯੇਰੂਸ਼ਲੇਮ ਅਤੇ ਯਹੂਦਾਹ ਤੋਂ ਗ਼ੁਲਾਮ ਹੋ ਕੇ ਬਾਬੇਲ ਨੂੰ ਲਿਆਏ ਜਾਂਦੇ ਸਨ।

2ਜਦੋਂ ਪਹਿਰੇਦਾਰਾਂ ਦੇ ਕਪਤਾਨ ਨੇ ਯਿਰਮਿਯਾਹ ਨੂੰ ਲੱਭਿਆ, ਉਸਨੇ ਉਸਨੂੰ ਕਿਹਾ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਇਸ ਜਗ੍ਹਾ ਲਈ ਇਹ ਤਬਾਹੀ ਦਾ ਹੁਕਮ ਦਿੱਤਾ ਹੈ।

3ਅਤੇ ਹੁਣ ਯਾਹਵੇਹ ਇਸ ਨੂੰ ਲਿਆਇਆ ਹੈ; ਉਸਨੇ ਉਵੇਂ ਹੀ ਕੀਤਾ ਹੈ ਜਿਵੇਂ ਉਸਨੇ ਕਿਹਾ ਸੀ ਕਿ ਉਹ ਕਰੇਗਾ। ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਤੁਸੀਂ ਲੋਕਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਅਤੇ ਉਸਦਾ ਕਹਿਣਾ ਨਹੀਂ ਮੰਨਿਆ।

4ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ। ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬੇਲ ਨੂੰ ਚਲਾ ਚੱਲ। ਮੈਂ ਤੇਰੀ ਵੱਲ ਨਿਗਾਹ ਰੱਖਾਂਗਾ, ਅਤੇ ਜੇ ਤੈਨੂੰ ਮੇਰੇ ਨਾਲ ਬਾਬੇਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾ। ਵੇਖ, ਸਾਰਾ ਦੇਸ ਤੇਰੇ ਅੱਗੇ ਹੈ, ਜਿੱਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾ।”

5ਪਰ, ਯਿਰਮਿਯਾਹ ਦੇ ਜਾਣ ਤੋਂ ਪਹਿਲਾਂ, ਇੱਕ ਨਬੂਜ਼ਰਦਾਨ ਨੇ ਅੱਗੇ ਕਿਹਾ, “ਸ਼ਾਫਾਨ ਦੇ ਪੁੱਤਰ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਵਾਪਸ ਜਾਓ, ਜਿਸ ਨੂੰ ਬਾਬੇਲ ਦੇ ਰਾਜੇ ਨੇ ਯਹੂਦਾਹ ਦੇ ਕਸਬਿਆਂ ਉੱਤੇ ਨਿਯੁਕਤ ਕੀਤਾ ਹੈ, ਅਤੇ ਉਸ ਦੇ ਨਾਲ ਲੋਕਾਂ ਵਿੱਚ ਰਹੋ, ਨਹੀਂ ਤਾਂ ਤੁਸੀਂ ਕਿਰਪਾ ਕਰਕੇ ਕਿਤੇ ਵੀ ਚਲੇ ਜਾਓ।” ਫਿਰ ਜੱਲਾਦਾਂ ਦੇ ਕਪਤਾਨ ਨੇ ਉਹ ਨੂੰ ਰਸਤ ਅਤੇ ਨਜ਼ਰਾਨਾ ਦੇ ਕੇ ਉਹ ਨੂੰ ਵਿਦਿਆ ਕਰ ਦਿੱਤਾ।

6ਇਸ ਲਈ ਯਿਰਮਿਯਾਹ ਮਿਸਪਾਹ ਵਿੱਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਗਿਆ ਅਤੇ ਉਸ ਦੇ ਨਾਲ ਉਹਨਾਂ ਲੋਕਾਂ ਵਿੱਚ ਰਿਹਾ ਜੋ ਦੇਸ਼ ਵਿੱਚ ਪਿੱਛੇ ਰਹਿ ਗਏ ਸਨ।

7ਜਦੋਂ ਫ਼ੌਜ ਦੇ ਸਾਰੇ ਅਧਿਅਕਾਰੀਆਂ ਨੇ ਜਿਹੜੇ ਰਣ ਵਿੱਚ ਸਨ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬੇਲ ਦੇ ਰਾਜਾ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ਼ ਉੱਤੇ ਹਾਕਮ ਨਿਯੁਕਤ ਕੀਤਾ ਹੈ, ਨਾਲੇ ਉਸ ਦੇ ਮਨੁੱਖ ਅਤੇ ਔਰਤਾਂ, ਬੱਚੇ ਅਤੇ ਦੇਸ਼ ਦੇ ਗਰੀਬ ਜਿਹੜੇ ਗ਼ੁਲਾਮ ਹੋ ਕੇ ਬਾਬੇਲ ਨੂੰ ਨਹੀਂ ਗਏ ਸਨ ਉਸ ਦੀ ਜ਼ਿੰਮੇਵਾਰੀ ਵਿੱਚ ਕਰ ਦਿੱਤੇ ਹਨ,

8ਤਾਂ ਨਥਾਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਯੋਨਾਥਾਨ, ਤਨਹੂਮਥ ਦਾ ਪੁੱਤਰ ਸਰਾਯਾਹ ਅਤੇ ਏਫਾਈ ਨਟੋਫਾਥੀ ਦੇ ਪੁੱਤਰ ਅਤੇ ਮਕਾਹਥੀ ਦਾ ਪੁੱਤਰ ਯਜ਼ਨਯਾਹ, ਉਹ ਅਤੇ ਉਹਨਾਂ ਦੇ ਮਨੁੱਖ ਮਿਸਪਾਹ ਵਿੱਚ ਗਦਲਯਾਹ ਕੋਲ ਆਏ।

9ਅਹੀਕਾਮ ਦੇ ਪੁੱਤਰ, ਸ਼ਾਫਾਨ ਦੇ ਪੁੱਤਰ ਗਦਲਯਾਹ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਆਦਮੀਆਂ ਨੂੰ ਭਰੋਸਾ ਦਿਵਾਉਣ ਲਈ ਸਹੁੰ ਖਾਧੀ। ਉਸਨੇ ਕਿਹਾ, “ਕਸਦੀਆਂ ਦੀ ਸੇਵਾ ਕਰਨ ਤੋਂ ਨਾ ਡਰੋ, ਦੇਸ਼ ਵਿੱਚ ਵੱਸੋ ਅਤੇ ਬਾਬੇਲ ਦੇ ਰਾਜੇ ਦੀ ਸੇਵਾ ਕਰੋ, ਅਤੇ ਇਹ ਤੁਹਾਡੇ ਲਈ ਚੰਗਾ ਹੋਵੇਗਾ।

10ਮੈਂ ਖੁਦ ਮਿਸਪਾਹ ਵਿੱਚ ਰਹਾਂਗਾ ਤਾਂ ਜੋ ਸਾਡੇ ਕੋਲ ਆਉਣ ਵਾਲੇ ਕਸਦੀਆਂ ਦੇ ਸਾਮ੍ਹਣੇ ਤੁਹਾਡੇ ਹੱਕ ਵਿੱਚ ਗੱਲ ਕਰਾਂਗਾ, ਪਰ ਤੁਸੀਂ ਦਾਖ਼ਰਸ, ਗਰਮੀਆਂ ਦੇ ਫਲ ਅਤੇ ਜ਼ੈਤੂਨ ਦੇ ਤੇਲ ਦੀ ਵਾਢੀ ਕਰੋਗੇ ਅਤੇ ਉਹਨਾਂ ਨੂੰ ਆਪਣੇ ਭੰਡਾਰਾਂ ਵਿੱਚ ਰੱਖੋਂਗੇ ਅਤੇ ਉਹਨਾਂ ਕਸਬਿਆਂ ਵਿੱਚ ਰਹੋ ਜਿਨ੍ਹਾਂ ਉੱਤੇ ਤੁਸੀਂ ਕਬਜ਼ਾ ਕਰ ਲਿਆ ਹੈ।”

11ਜਦੋਂ ਮੋਆਬ, ਅੰਮੋਨ, ਅਦੋਮ ਅਤੇ ਹੋਰ ਸਾਰੇ ਦੇਸ਼ਾਂ ਦੇ ਸਾਰੇ ਯਹੂਦੀਆਂ ਨੇ ਸੁਣਿਆ ਕਿ ਬਾਬੇਲ ਦੇ ਰਾਜੇ ਨੇ ਯਹੂਦਾਹ ਵਿੱਚ ਕੁਝ ਲੋਕਾਂ ਨੂੰ ਛੱਡ ਦਿੱਤਾ ਹੈ ਅਤੇ ਸ਼ਾਫਾਨ ਦੇ ਪੁੱਤਰ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਦਾ ਹਾਕਮ ਬਣਾਇਆ ਹੈ,

12ਤਾਂ ਸਾਰੇ ਯਹੂਦੀ ਸਾਰਿਆਂ ਥਾਵਾਂ ਤੋਂ ਜਿੱਥੇ-ਜਿੱਥੇ ਉਹ ਧੱਕੇ ਗਏ ਸਨ ਮੁੜੇ ਅਤੇ ਉਹ ਗਦਲਯਾਹ ਕੋਲ ਮਿਸਪਾਹ ਵਿੱਚ ਯਹੂਦਾਹ ਦੇ ਦੇਸ਼ ਨੂੰ ਆਏ ਅਤੇ ਉਹਨਾਂ ਨੇ ਮੈ ਅਤੇ ਗਰਮੀ ਦੀ ਰੁੱਤ ਦੇ ਮੇਵੇ ਬਹੁਤ ਹੀ ਸਾਰੇ ਇਕੱਠੇ ਕੀਤੇ।

13ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਸਾਰੇ ਫ਼ੌਜੀ ਅਧਿਕਾਰੀ ਜੋ ਅਜੇ ਵੀ ਖੁੱਲ੍ਹੇ ਦੇਸ਼ ਵਿੱਚ ਹਨ, ਮਿਸਪਾਹ ਵਿੱਚ ਗਦਲਯਾਹ ਕੋਲ ਆਏ

14ਅਤੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਅੰਮੋਨੀਆਂ ਦੇ ਰਾਜੇ ਬਅਲੀਸ ਨੇ ਨਥਾਨਯਾਹ ਦੇ ਪੁੱਤਰ ਇਸਮਾਏਲ ਨੂੰ ਤੇਰੀ ਜਾਨ ਲੈਣ ਲਈ ਭੇਜਿਆ ਹੈ?” ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ।

15ਫਿਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਮਿਸਪਾਹ ਵਿੱਚ ਗਦਲਯਾਹ ਨੂੰ ਇਕਾਂਤ ਵਿੱਚ ਆਖਿਆ, “ਮੈਨੂੰ ਜਾਣ ਦਿਓ ਅਤੇ ਨਥਾਨਯਾਹ ਦੇ ਪੁੱਤਰ ਇਸਮਾਏਲ ਨੂੰ ਮਾਰ ਦਿਓ, ਤਾਂ ਕੋਈ ਨਹੀਂ ਜਾਣੇਗਾ। ਉਹ ਤੁਹਾਡੀ ਜਾਨ ਕਿਉਂ ਲੈ ਲਵੇ ਅਤੇ ਸਾਰੇ ਯਹੂਦੀਆਂ ਨੂੰ ਜਿਹੜੇ ਤੁਹਾਡੇ ਆਲੇ-ਦੁਆਲੇ ਇਕੱਠੇ ਹੋਏ ਹਨ ਖਿੰਡੇ ਜਾਣ ਅਤੇ ਯਹੂਦਾਹ ਦੇ ਬਚੇ ਹੋਏ ਲੋਕਾਂ ਨੂੰ ਨਾਸ਼ ਕਰਨ ਲਈ ਕਿਉਂ?”

16ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ, “ਅਜਿਹਾ ਕੰਮ ਨਾ ਕਰ! ਜੋ ਤੂੰ ਇਸਮਾਏਲ ਬਾਰੇ ਝੂਠ ਬੋਲਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.