ਯਿਰਮਿਯਾਹ 26

1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਅਰੰਭ ਵਿੱਚ, ਇਹ ਸ਼ਬਦ ਯਾਹਵੇਹ ਵੱਲੋਂ ਆਇਆ ਸੀ:

2“ਯਾਹਵੇਹ ਇਹ ਆਖਦਾ ਹੈ: ਯਾਹਵੇਹ ਦੇ ਘਰ ਦੇ ਵਿਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਕਸਬਿਆਂ ਦੇ ਸਾਰੇ ਲੋਕਾਂ ਨਾਲ ਗੱਲ ਕਰ। ਜੋ ਯਾਹਵੇਹ ਦੇ ਘਰ ਵਿੱਚ ਮਹਿਮਾ ਕਰਨ ਲਈ ਆਉਂਦੇ ਹਨ। ਉਹਨਾਂ ਨੂੰ ਉਹ ਸਭ ਕੁਝ ਦੱਸ ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ; ਇੱਕ ਵੀ ਸ਼ਬਦ ਨਾ ਘਟਾਈ।

3ਸ਼ਾਇਦ ਉਹ ਸੁਣਨਗੇ ਅਤੇ ਹਰੇਕ ਆਪਣੇ ਬੁਰੇ ਰਾਹਾਂ ਤੋਂ ਮੁੜ ਜਾਵੇਗਾ। ਫਿਰ ਮੈਂ ਤੌਬਾ ਕਰਾਂਗਾ ਅਤੇ ਉਹਨਾਂ ਉੱਤੇ ਉਹ ਆਫ਼ਤ ਨਹੀਂ ਪਾਵਾਂਗਾ ਜਿਸਦੀ ਮੈਂ ਉਹਨਾਂ ਦੀ ਬਦੀ ਦੇ ਕਾਰਨ ਯੋਜਨਾ ਬਣਾ ਰਿਹਾ ਸੀ।

4ਉਹਨਾਂ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ, ਜੇਕਰ ਤੁਸੀਂ ਮੇਰੀ ਨਾ ਸੁਣੋ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕਰੋ, ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ,

5ਅਤੇ ਜੇ ਤੁਸੀਂ ਮੇਰੇ ਸੇਵਕ ਨਬੀਆਂ ਦੀ ਗੱਲਾਂ ਨੂੰ ਨਾ ਸੁਣੋ। ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਬਾਰ-ਬਾਰ ਭੇਜਦਾ ਹਾਂ ਪਰ ਤੁਸੀਂ ਉਹਨਾਂ ਨੂੰ ਨਹੀਂ ਸੁਣਿਆ,

6ਫਿਰ ਮੈਂ ਇਸ ਘਰ ਨੂੰ ਸ਼ੀਲੋਹ ਵਰਗਾ ਬਣਾ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਬਣਾ ਦਿਆਂਗਾ।’ ”

7ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਯਾਹਵੇਹ ਦੇ ਘਰ ਵਿੱਚ ਇਹ ਸ਼ਬਦ ਬੋਲਦਿਆਂ ਸੁਣਿਆ।

8ਪਰ ਜਿਵੇਂ ਹੀ ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯਾਹਵੇਹ ਨੇ ਉਸਨੂੰ ਕਹਿਣ ਦਾ ਹੁਕਮ ਦਿੱਤਾ ਸੀ, ਤਾਂ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਸਨੂੰ ਫੜ ਲਿਆ ਅਤੇ ਕਿਹਾ, “ਤੂੰ ਜ਼ਰੂਰ ਮਾਰਿਆ ਜਾਣਾ ਚਾਹੀਦਾ ਹੈ!

9ਤੂੰ ਯਾਹਵੇਹ ਦੇ ਨਾਮ ਵਿੱਚ ਕਿਉਂ ਭਵਿੱਖਬਾਣੀ ਕਰਦਾ ਹੈ ਕਿ ਇਹ ਘਰ ਸ਼ੀਲੋਹ ਵਰਗਾ ਹੋਵੇਗਾ ਅਤੇ ਇਹ ਸ਼ਹਿਰ ਉਜਾੜ ਅਤੇ ਵਿਰਾਨ ਹੋ ਜਾਵੇਗਾ?” ਅਤੇ ਸਾਰੇ ਲੋਕ ਯਾਹਵੇਹ ਦੇ ਘਰ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।

10ਜਦੋਂ ਯਹੂਦਾਹ ਦੇ ਅਧਿਕਾਰੀਆਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ, ਤਾਂ ਉਹ ਸ਼ਾਹੀ ਮਹਿਲ ਤੋਂ ਯਾਹਵੇਹ ਦੇ ਘਰ ਨੂੰ ਗਏ ਅਤੇ ਯਾਹਵੇਹ ਦੇ ਘਰ ਦੇ ਨਵੇਂ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਵਿੱਚ ਬੈਠ ਗਏ।

11ਤਦ ਜਾਜਕਾਂ ਅਤੇ ਨਬੀਆਂ ਨੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਇਸ ਸ਼ਹਿਰ ਦੇ ਵਿਰੁੱਧ ਭਵਿੱਖਬਾਣੀ ਕੀਤੀ ਹੈ। ਤੁਸੀਂ ਇਹ ਆਪਣੇ ਕੰਨਾਂ ਨਾਲ ਸੁਣਿਆ ਹੈ!”

12ਫਿਰ ਯਿਰਮਿਯਾਹ ਨੇ ਸਾਰੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਯਾਹਵੇਹ ਨੇ ਮੈਨੂੰ ਇਸ ਘਰ ਅਤੇ ਇਸ ਸ਼ਹਿਰ ਦੇ ਵਿਰੁੱਧ ਉਹ ਸਾਰੀਆਂ ਗੱਲਾਂ ਦੱਸਣ ਲਈ ਭੇਜਿਆ ਹੈ ਜੋ ਤੁਸੀਂ ਸੁਣੀਆਂ ਹਨ।

13ਹੁਣ ਆਪਣੇ ਤਰੀਕਿਆਂ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਯਾਹਵੇਹ ਦਾ ਹੁਕਮ ਮੰਨੋ। ਤਦ ਯਾਹਵੇਹ ਪਛਤਾਵੇਗਾ ਅਤੇ ਉਹ ਬਿਪਤਾ ਨਹੀਂ ਲਿਆਵੇਗਾ ਜਿਸ ਦਾ ਉਸ ਨੇ ਤੁਹਾਡੇ ਵਿਰੁੱਧ ਐਲਾਨ ਕੀਤਾ ਹੈ।

14ਜਿੱਥੇ ਤੱਕ ਮੇਰਾ ਸਵਾਲ ਹੈ, ਮੈਂ ਤੁਹਾਡੇ ਹੱਥ ਵਿੱਚ ਹਾਂ; ਮੇਰੇ ਨਾਲ ਉਹ ਕਰੋ ਜੋ ਤੁਹਾਨੂੰ ਚੰਗਾ ਅਤੇ ਸਹੀ ਲੱਗਦਾ ਹੈ।

15ਪਰ ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਦਾ ਖੂਨ ਆਪਣੇ ਉੱਤੇ ਅਤੇ ਇਸ ਸ਼ਹਿਰ ਉੱਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਓਗੇ ਕਿਉਂ ਜੋ ਇਹ ਸਚਿਆਈ ਹੈ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਕੰਨਾਂ ਵਿੱਚ ਆਖਾਂ।”

16ਤਦ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ! ਉਸਨੇ ਸਾਡੇ ਨਾਲ ਯਾਹਵੇਹ ਸਾਡੇ ਪਰਮੇਸ਼ਵਰ ਦੇ ਨਾਮ ਵਿੱਚ ਗੱਲ ਕੀਤੀ ਹੈ।”

17ਦੇਸ਼ ਦੇ ਕੁਝ ਬਜ਼ੁਰਗਾਂ ਨੇ ਅੱਗੇ ਵਧ ਕੇ ਲੋਕਾਂ ਦੀ ਸਾਰੀ ਸਭਾ ਨੂੰ ਕਿਹਾ,

18“ਮੋਰੇਸ਼ੇਥ ਦੇ ਮੀਕਾਹ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਭਵਿੱਖਬਾਣੀ ਕੀਤੀ ਸੀ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਸੀਯੋਨ ਖੇਤ ਵਾਂਗ ਵਾਹਿਆ ਜਾਵੇਗਾ, ਯੇਰੂਸ਼ਲੇਮ ਮਲਬੇ ਦਾ ਇੱਕ ਢੇਰ ਬਣ ਜਾਵੇਗਾ, ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ।’

19ਕੀ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਜਾਂ ਯਹੂਦਾਹ ਵਿੱਚ ਕਿਸੇ ਹੋਰ ਨੇ ਉਸਨੂੰ ਮਾਰਿਆ ਸੀ? ਕੀ ਹਿਜ਼ਕੀਯਾਹ ਯਾਹਵੇਹ ਤੋਂ ਡਰਦਾ ਨਹੀਂ ਸੀ ਅਤੇ ਉਸਦੀ ਮਿਹਰ ਨਹੀਂ ਚਾਹੁੰਦਾ ਸੀ? ਅਤੇ ਕੀ ਯਾਹਵੇਹ ਨੇ ਇਸ ਲਈ ਢਿੱਲ ਨਹੀਂ ਦਿੱਤੀ, ਤਾਂ ਜੋ ਉਸਨੇ ਉਹਨਾਂ ਦੇ ਵਿਰੁੱਧ ਉਹ ਬਿਪਤਾ ਨਾ ਲਿਆਂਦੀ ਜਿਸਦਾ ਉਸਨੇ ਐਲਾਨ ਕੀਤਾ ਸੀ? ਅਸੀਂ ਆਪਣੇ ਉੱਤੇ ਇੱਕ ਭਿਆਨਕ ਤਬਾਹੀ ਲਿਆਉਣ ਵਾਲੇ ਹਾਂ!”

20(ਹੁਣ ਕਿਰਯਥ-ਯਾਰੀਮ ਤੋਂ ਸ਼ਮਅਯਾਹ ਦਾ ਪੁੱਤਰ ਊਰੀਯਾਹ ਇੱਕ ਹੋਰ ਆਦਮੀ ਸੀ ਜਿਸਨੇ ਯਾਹਵੇਹ ਦੇ ਨਾਮ ਉੱਤੇ ਭਵਿੱਖਬਾਣੀ ਕੀਤੀ ਸੀ; ਉਸਨੇ ਇਸ ਸ਼ਹਿਰ ਅਤੇ ਇਸ ਧਰਤੀ ਦੇ ਵਿਰੁੱਧ ਉਹੀ ਭਵਿੱਖਬਾਣੀ ਕੀਤੀ ਸੀ ਜਿਵੇਂ ਕਿ ਯਿਰਮਿਯਾਹ ਨੇ ਕੀਤਾ ਸੀ।

21ਜਦੋਂ ਰਾਜਾ ਯਹੋਯਾਕੀਮ ਅਤੇ ਉਸ ਦੇ ਸਾਰੇ ਆਗੂਆਂ ਅਤੇ ਅਧਿਕਾਰੀਆਂ ਨੇ ਉਸ ਦੀਆਂ ਗੱਲਾਂ ਸੁਣੀਆਂ, ਤਾਂ ਰਾਜੇ ਨੇ ਉਸ ਨੂੰ ਮਾਰਨ ਦਾ ਪੱਕਾ ਇਰਾਦਾ ਕੀਤਾ। ਪਰ ਊਰੀਯਾਹ ਨੇ ਇਹ ਸੁਣਿਆ ਅਤੇ ਡਰ ਕੇ ਮਿਸਰ ਨੂੰ ਭੱਜ ਗਿਆ।

22ਪਰ ਰਾਜਾ ਯਹੋਯਾਕੀਮ ਨੇ ਅਕਬੋਰ ਦੇ ਪੁੱਤਰ ਅਲਨਾਥਾਨ ਨੂੰ ਕੁਝ ਹੋਰ ਆਦਮੀਆਂ ਸਮੇਤ ਮਿਸਰ ਭੇਜਿਆ।

23ਉਹ ਊਰੀਯਾਹ ਨੂੰ ਮਿਸਰ ਵਿੱਚੋਂ ਕੱਢ ਕੇ ਰਾਜਾ ਯਹੋਯਾਕੀਮ ਕੋਲ ਲੈ ਗਏ ਜਿਸ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਸ ਦੀ ਲਾਸ਼ ਨੂੰ ਆਮ ਲੋਕਾਂ ਦੀ ਕਬਰ ਵਿੱਚ ਸੁੱਟ ਦਿੱਤਾ।)

24ਪਰ ਸ਼ਾਫਾਨ ਦੇ ਪੁੱਤਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਕਿ ਉਹ ਉਸ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.