ਯਿਰਮਿਯਾਹ 21

1ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਤੋਂ ਆਇਆ ਜਦੋਂ ਰਾਜੇ ਸਿਦਕੀਯਾਹ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਅਤੇ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਉਸਦੇ ਕੋਲ ਭੇਜਿਆ। ਉਹਨਾਂ ਨੇ ਆਖਿਆ,

2“ਹੁਣ ਸਾਡੇ ਲਈ ਯਾਹਵੇਹ ਤੋਂ ਪੁੱਛ ਕਿਉਂਕਿ ਬਾਬੇਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਤੇ ਹਮਲਾ ਕਰ ਰਿਹਾ ਹੈ। ਸ਼ਾਇਦ ਯਾਹਵੇਹ ਸਾਡੇ ਲਈ ਪਿਛਲੇ ਸਮਿਆਂ ਵਾਂਗ ਅਚੰਭੇ ਕੰਮ ਕਰੇ ਤਾਂ ਜੋ ਉਹ ਸਾਡੇ ਤੋਂ ਹਟ ਜਾਵੇ।”

3ਪਰ ਯਿਰਮਿਯਾਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਸਿਦਕੀਯਾਹ ਨੂੰ ਆਖੋ,

4‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਤੁਹਾਡੇ ਵਿਰੁੱਧ ਜੰਗ ਦੇ ਹਥਿਆਰਾਂ ਨੂੰ ਜੋ ਤੁਹਾਡੇ ਹੱਥਾਂ ਵਿੱਚ ਹਨ, ਮੋੜਨ ਵਾਲਾ ਹਾਂ। ਬਾਬੇਲ ਦੇ ਰਾਜੇ ਅਤੇ ਬਾਬਲੀ ਲੋਕਾਂ ਨਾਲ ਲੜਨ ਲਈ ਵਰਤ ਰਹੇ ਹਨ ਜੋ ਕੰਧ ਦੇ ਬਾਹਰ ਤੁਹਾਨੂੰ ਘੇਰ ਰਹੇ ਹਨ। ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਅੰਦਰ ਇਕੱਠਾ ਕਰਾਂਗਾ।

5ਮੈਂ ਆਪ ਹੀ ਤੁਹਾਡੇ ਵਿਰੁੱਧ ਪਸਾਰਿਆ ਹੋਇਆ ਹੱਥ ਅਤੇ ਬਲਵੰਤ ਬਾਂਹ ਨਾਲ ਗੁੱਸੇ ਅਤੇ ਵੱਡੇ ਕ੍ਰੋਧ ਵਿੱਚ ਤੁਹਾਡੇ ਵਿਰੁੱਧ ਲੜਾਂਗਾ।

6ਮੈਂ ਉਹਨਾਂ ਲੋਕਾਂ ਨੂੰ ਮਾਰ ਦਿਆਂਗਾ ਜਿਹੜੇ ਇਸ ਸ਼ਹਿਰ ਵਿੱਚ ਰਹਿੰਦੇ ਹਨ, ਆਦਮੀ ਅਤੇ ਜੰਗਲੀ ਜਾਨਵਰ ਦੋਵੇਂ ਅਤੇ ਉਹ ਇੱਕ ਭਿਆਨਕ ਬਿਪਤਾ ਨਾਲ ਮਰ ਜਾਣਗੇ।

7ਇਸ ਤੋਂ ਬਾਦ, ਯਾਹਵੇਹ ਨੇ ਆਖਿਆ, ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸ ਦੇ ਅਧਿਕਾਰੀਆਂ ਅਤੇ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਬਵਾ, ਤਲਵਾਰ ਅਤੇ ਕਾਲ ਤੋਂ ਬਚੇ ਹਨ, ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਅਤੇ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰੇਗਾ। ਉਹ ਉਹਨਾਂ ਉੱਤੇ ਨਾ ਤਰਸ ਖਾਏਗਾ, ਨਾ ਉਹ ਉਹਨਾਂ ਨੂੰ ਛੱਡੇਗਾ, ਨਾ ਰਹਿਮ ਕਰੇਗਾ।’

8“ਇਸ ਤੋਂ ਇਲਾਵਾ, ਲੋਕਾਂ ਨੂੰ ਦੱਸੋ, ‘ਯਾਹਵੇਹ ਇਹੀ ਆਖਦਾ ਹੈ: ਵੇਖੋ, ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ।

9ਜੋ ਕੋਈ ਇਸ ਸ਼ਹਿਰ ਵਿੱਚ ਰਹੇਗਾ ਉਹ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਮਰ ਜਾਵੇਗਾ। ਅਤੇ ਜਿਹੜਾ ਇਸ ਦੇ ਵਿੱਚੋਂ ਨਿੱਕਲ ਜਾਵੇਗਾ ਅਤੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦੇਵੇਗਾ, ਜਿਹਨਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜੀਉਂਦਾ ਰਹੇਗਾ ਅਤੇ ਉਹ ਦੀ ਜਾਨ ਉਹ ਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ।

10ਮੈਂ ਇਸ ਸ਼ਹਿਰ ਨੂੰ ਨੁਕਸਾਨ ਪਹੁੰਚਾਉਣ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਭਲਿਆਈ ਨਹੀਂ ਕਰਾਂਗਾ, ਯਾਹਵੇਹ ਦਾ ਇਹ ਵਚਨ ਹੈ। ਇਸ ਨੂੰ ਬਾਬੇਲ ਦੇ ਰਾਜੇ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਸਨੂੰ ਅੱਗ ਨਾਲ ਤਬਾਹ ਕਰ ਦੇਵੇਗਾ।’

11“ਇਸ ਤੋਂ ਇਲਾਵਾ, ਯਹੂਦਾਹ ਦੇ ਸ਼ਾਹੀ ਘਰਾਣੇ ਨੂੰ ਆਖੋ, ‘ਯਾਹਵੇਹ ਦਾ ਬਚਨ ਸੁਣੋ।

12ਦਾਵੀਦ ਦੇ ਘਰਾਣੇ, ਯਾਹਵੇਹ ਤੁਹਾਨੂੰ ਇਹ ਆਖਦਾ ਹੈ: “ ‘ਹਰ ਸਵੇਰ ਨੂੰ ਇਨਸਾਫ਼ ਕਰੋ; ਦੁੱਖ ਦੇਣ ਵਾਲੇ ਦੇ ਹੱਥੋਂ ਬਚਾਓ ਜਿਹੜ ਲੁੱਟਿਆ ਗਿਆ ਹੈ, ਮੇਰਾ ਕ੍ਰੋਧ ਭੜਕੇਗਾ ਅਤੇ ਅੱਗ ਵਾਂਗੂੰ ਸੜੇਗਾ ਉਸ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ ਹੈ, ਇਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।

13ਹੇ ਯੇਰੂਸ਼ਲੇਮ, ਮੈਂ ਤੇਰੇ ਵਿਰੁੱਧ ਹਾਂ, ਤੁਸੀਂ ਜਿਹੜੇ ਇਸ ਘਾਟੀ ਦੇ ਉੱਪਰ ਪੱਥਰੀਲੇ ਪਠਾਰ ਉੱਤੇ ਰਹਿੰਦੇ ਹੋ, ਯਾਹਵੇਹ ਦਾ ਵਾਕ ਹੈ, ਤੁਸੀਂ ਆਖਦੇ ਹੋ, “ਕੌਣ ਸਾਡੇ ਵਿਰੁੱਧ ਆ ਸਕਦਾ ਹੈ? ਸਾਡੀ ਸ਼ਰਨ ਵਿੱਚ ਕੌਣ ਵੜ ਸਕਦਾ ਹੈ?”

14ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਿਵੇਂ ਕਿ ਤੁਹਾਡੇ ਕੰਮਾਂ ਦੇ ਹੱਕਦਾਰ ਹਨ, ਯਾਹਵੇਹ ਦਾ ਵਾਕ ਹੈ। ਮੈਂ ਤੁਹਾਡੇ ਜੰਗਲਾਂ ਵਿੱਚ ਅੱਗ ਲਾਵਾਂਗਾ ਜੋ ਤੁਹਾਡੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦੇਵੇਗੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.