ਯਿਰਮਿਯਾਹ 48

1ਮੋਆਬ ਬਾਰੇ: ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਹਾਏ ਨਬੋ ਉੱਤੇ, ਕਿਉਂਕਿ ਇਹ ਤਬਾਹ ਹੋ ਜਾਵੇਗਾ। ਕਿਰਯਾਤਾਇਮ ਬੇਇੱਜ਼ਤ ਕੀਤਾ ਜਾਵੇਗਾ ਅਤੇ ਫੜ ਲਿਆ ਜਾਵੇਗਾ; ਕਿਲ੍ਹੇ ਨੂੰ ਬੇਇੱਜ਼ਤ ਕੀਤਾ ਜਾਵੇਗਾ ਅਤੇ ਚਕਨਾਚੂਰ ਕੀਤਾ ਜਾਵੇਗਾ।

2ਮੋਆਬ ਦੀ ਕੋਈ ਹੋਰ ਉਸਤਤ ਨਹੀਂ ਕੀਤੀ ਜਾਵੇਗੀ; ਹੇਸ਼ਬੋਨ ਵਿੱਚ ਲੋਕ ਉਸ ਦੀ ਬੁਰਿਆਈ ਦੀਆਂ ਸਾਜ਼ਿਸ਼ ਕਰਨਗੇ: ‘ਆਓ, ਅਸੀਂ ਉਸ ਕੌਮ ਨੂੰ ਖ਼ਤਮ ਕਰ ਦੇਈਏ।’ ਹੇ ਮਦਮੇਨ ਸ਼ਹਿਰ, ਤੂੰ ਵੀ ਚੁੱਪ ਕਰਾਇਆ ਜਾਵੇਂਗਾ, ਤਲਵਾਰ ਤੇਰਾ ਪਿੱਛਾ ਕਰੇਗੀ।

3ਹੋਰੋਨਾਇਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼, ਵੱਡੀ ਤਬਾਹੀ ਅਤੇ ਵਿਨਾਸ਼ ਦੀ ਪੁਕਾਰ।

4ਮੋਆਬ ਭੰਨਿਆ ਤੋੜਿਆ ਗਿਆ, ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ।

5ਉਹ ਪਹਾੜੀ ਉੱਤੇ ਲੂਹੀਥ ਨੂੰ ਜਾਂਦੇ ਹਨ, ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋਂਦੇ ਹਨ; ਹੋਰੋਨਾਇਮ ਦੇ ਰਸਤੇ ਤਬਾਹੀ ਦੇ ਕਾਰਨ ਦੁੱਖ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ।

6ਭੱਜੋ! ਆਪਣੇ ਜੀਵਨ ਲਈ ਦੌੜੋ; ਉਜਾੜ ਵਿੱਚ ਇੱਕ ਸੁੱਖੇ ਰੁੱਖ ਵਾਂਗ ਹੋ ਜਾਓ।

7ਕਿਉਂਕਿ ਤੁਸੀਂ ਆਪਣੇ ਕੰਮਾਂ ਅਤੇ ਧਨ ਉੱਤੇ ਭਰੋਸਾ ਰੱਖਦੇ ਹੋ, ਤੁਹਾਨੂੰ ਵੀ ਬੰਦੀ ਬਣਾ ਲਿਆ ਜਾਵੇਗਾ, ਅਤੇ ਕਮੋਸ਼ ਆਪਣੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਗ਼ੁਲਾਮੀ ਵਿੱਚ ਚਲਾ ਜਾਵੇਗਾ।

8ਤਬਾਹ ਕਰਨ ਵਾਲਾ ਹਰ ਕਸਬੇ ਦੇ ਵਿਰੁੱਧ ਆਵੇਗਾ, ਅਤੇ ਕੋਈ ਵੀ ਨਗਰ ਨਹੀਂ ਬਚੇਗਾ। ਘਾਟੀ ਤਬਾਹ ਹੋ ਜਾਵੇਗੀ ਅਤੇ ਪਠਾਰ ਤਬਾਹ ਹੋ ਜਾਵੇਗਾ, ਕਿਉਂਕਿ ਯਾਹਵੇਹ ਨੇ ਬੋਲਿਆ ਹੈ।

9ਮੋਆਬ ਉੱਤੇ ਲੂਣ ਪਾ, ਕਿਉਂ ਜੋ ਉਹ ਬਰਬਾਦ ਹੋ ਜਾਵੇਗੀ। ਉਸ ਦੇ ਨਗਰ ਵਿਰਾਨ ਹੋ ਜਾਣਗੇ, ਉਹਨਾਂ ਵਿੱਚ ਰਹਿਣ ਵਾਲਾ ਕੋਈ ਨਹੀਂ ਹੋਵੇਗਾ।

10“ਸਰਾਪੀ ਹੈ ਉਹ ਜਿਹੜਾ ਯਾਹਵੇਹ ਦਾ ਕੰਮ ਆਲਸੀ ਨਾਲ ਕਰਦਾ ਹੈ! ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ!

11“ਮੋਆਬ ਜੁਆਨੀ ਤੋਂ ਅਰਾਮ ਵਿੱਚ ਹੈ, ਜਿਵੇਂ ਭਾਂਡੇ ਉੱਤੇ ਬਚੀ ਹੋਈ ਦਾਖ਼ਰਸ ਵਾਂਗ, ਇੱਕ ਘੜੇ ਤੋਂ ਦੂਜੇ ਵਿੱਚ ਡੋਲ੍ਹਿਆ ਨਹੀਂ ਗਿਆ ਉਹ ਗ਼ੁਲਾਮੀ ਵਿੱਚ ਨਹੀਂ ਗਈ ਹੈ। ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ, ਅਤੇ ਉਸਦੀ ਖੁਸ਼ਬੂ ਬਦਲੀ ਨਹੀਂ ਹੈ।

12ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਘੜੇ ਵਿੱਚੋਂ ਡੋਲ੍ਹਣ ਵਾਲੇ ਆਦਮੀਆਂ ਨੂੰ ਭੇਜਾਂਗਾ, ਅਤੇ ਉਹ ਉਸਨੂੰ ਡੋਲ੍ਹ ਦੇਣਗੇ; ਉਹ ਉਸ ਦੇ ਘੜੇ ਖਾਲੀ ਕਰ ਦੇਣਗੇ ਅਤੇ ਉਹ ਦੇ ਘੜੇ ਭੰਨ ਦੇਣਗੇ।

13ਤਦ ਮੋਆਬ ਕਮੋਸ਼ ਤੋਂ ਸ਼ਰਮਿੰਦਾ ਹੋਵੇਗਾ, ਜਿਵੇਂ ਇਸਰਾਏਲ ਨੂੰ ਸ਼ਰਮਿੰਦਾ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਬੈਤਏਲ ਉੱਤੇ ਭਰੋਸਾ ਰੱਖਿਆ ਸੀ।

14“ਤੁਸੀਂ ਕਿਵੇਂ ਕਹਿ ਸਕਦੇ ਹੋ, ‘ਅਸੀਂ ਯੋਧੇ ਹਾਂ, ਲੜਾਈ ਵਿੱਚ ਸੂਰਬੀਰ ਹਾਂ’?

15ਮੋਆਬ ਤਬਾਹ ਹੋ ਜਾਵੇਗਾ ਅਤੇ ਉਸ ਦੇ ਨਗਰਾਂ ਉੱਤੇ ਹਮਲਾ ਕੀਤਾ ਜਾਵੇਗਾ। ਉਸਦੇ ਸਭ ਤੋਂ ਵਧੀਆ ਜਵਾਨ ਕਤਲੇਆਮ ਹੋਣ ਲਈ ਹੇਠਾਂ ਜਾਣਗੇ,” ਰਾਜੇ ਦਾ ਵਾਕ ਹੈ, ਜਿਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।

16“ਮੋਆਬ ਦਾ ਡਿੱਗਣਾ ਨੇੜੇ ਹੈ; ਉਸਦੀ ਬਿਪਤਾ ਜਲਦੀ ਆਵੇਗੀ।

17ਉਸ ਲਈ ਸੋਗ ਕਰੋ, ਉਹ ਸਾਰੇ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ, ਉਹ ਸਾਰੇ ਜੋ ਉਸ ਦੀ ਪ੍ਰਸਿੱਧੀ ਨੂੰ ਜਾਣਦੇ ਹੋ; ‘ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ!’

18“ਹੇ ਦੀਬੋਨ ਦੇ ਵਸਨੀਕ ਧੀਏ, ਆਪਣੀ ਮਹਿਮਾ ਤੋਂ ਹੇਠਾਂ ਆ ਜਾਓ ਅਤੇ ਸੁੱਕੀ ਜ਼ਮੀਨ ਉੱਤੇ ਬੈਠ, ਕਿਉਂਕਿ ਮੋਆਬ ਨੂੰ ਤਬਾਹ ਕਰਨ ਵਾਲਾ ਤੁਹਾਡੇ ਵਿਰੁੱਧ ਆਵੇਗਾ ਅਤੇ ਤੁਹਾਡੇ ਗੜ੍ਹ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।

19ਸੜਕ ਦੇ ਕਿਨਾਰੇ ਖਲੋ ਕੇ ਦੇਖੋ, ਤੁਸੀਂ ਜਿਹੜੇ ਅਰੋਏਰ ਵਿੱਚ ਰਹਿੰਦੇ ਹੋ। ਭੱਜ ਰਹੇ ਆਦਮੀ ਅਤੇ ਭੱਜ ਰਹੀ ਔਰਤ ਨੂੰ ਪੁੱਛੋ, ਉਹਨਾਂ ਨੂੰ ਪੁੱਛੋ, ‘ਕੀ ਹੋਇਆ ਹੈ?’

20ਮੋਆਬ ਬੇਇੱਜ਼ਤ ਹੈ, ਕਿਉਂਕਿ ਉਹ ਚਕਨਾਚੂਰ ਹੋ ਗਈ ਹੈ। ਰੋਵੋ ਅਤੇ ਚਿੱਲਾਓ! ਅਰਨੋਨ ਦੁਆਰਾ ਘੋਸ਼ਣਾ ਕਰੋ ਕਿ ਮੋਆਬ ਤਬਾਹ ਹੋ ਗਿਆ ਹੈ।

21ਪੱਧਰੇ ਦੇਸ਼ ਉੱਤੇ ਨਿਆਂ ਆਇਆ ਹੈ ਅਰਥਾਤ ਹੋਲੋਨ, ਯਹਜ਼ਾਹ ਅਤੇ ਮੇਫਾਅਥ,

22ਦੀਬੋਨ ਉੱਤੇ, ਨਬੋ ਉੱਤੇ, ਬੈਥ-ਦਿਬਲਾਤਇਮ ਉੱਤੇ,

23ਕਿਰਯਾਤਾਇਮ, ਬੈਥ-ਗਾਮੂਲ ਅਤੇ ਬੈਥ-ਮਾਓਨ ਉੱਤੇ,

24ਕੇਰੀਯੋਥ ਉੱਤੇ ਅਤੇ ਬੋਸਰਾਹ, ਮੋਆਬ ਦੇ ਸਾਰੇ ਦੂਰ ਅਤੇ ਨੇੜੇ ਦੇ ਕਸਬਿਆਂ ਉੱਤੇ।

25ਮੋਆਬ ਦਾ ਸਿੰਗ ਕੱਟਿਆ ਗਿਆ ਹੈ; ਉਸਦੀ ਬਾਂਹ ਟੁੱਟ ਗਈ ਹੈ,” ਯਾਹਵੇਹ ਦਾ ਵਾਕ ਹੈ।

26“ਉਸ ਨੂੰ ਸ਼ਰਾਬੀ ਬਣਾ, ਕਿਉਂਕਿ ਉਸਨੇ ਯਾਹਵੇਹ ਦੀ ਨਿੰਦਿਆ ਕੀਤੀ ਹੈ। ਮੋਆਬ ਆਪਣੀ ਉਲਟੀ ਵਿੱਚ ਡੁੱਬ ਜਾਵੇ। ਉਸਨੂੰ ਮਖੌਲ ਦਾ ਵਿਸ਼ਾ ਬਣਨ ਦਿਓ।

27ਕੀ ਇਸਰਾਏਲ ਤੁਹਾਡੇ ਮਖੌਲ ਦਾ ਵਿਸ਼ਾ ਨਹੀਂ ਸੀ? ਕੀ ਉਹ ਚੋਰਾਂ ਵਿੱਚ ਫੜੀ ਗਈ ਸੀ, ਕਿ ਜਦੋਂ ਵੀ ਤੁਸੀਂ ਉਸ ਬਾਰੇ ਗੱਲ ਕਰਦੇ ਹੋ ਤਾਂ ਤੁਸੀਂ ਘਿਣ ਵਿੱਚ ਆਪਣਾ ਸਿਰ ਹਿਲਾ ਦਿੰਦੇ ਹੋ?

28ਹੇ ਮੋਆਬ ਵਿੱਚ ਰਹਿਣ ਵਾਲਿਓ, ਆਪਣੇ ਸ਼ਹਿਰਾਂ ਨੂੰ ਛੱਡ ਕੇ ਚੱਟਾਨਾਂ ਵਿੱਚ ਵੱਸੋ। ਉਸ ਘੁੱਗੀ ਵਾਂਗ ਬਣੋ ਜੋ ਗੁਫ਼ਾ ਦੇ ਮੂੰਹ ਉੱਤੇ ਆਪਣਾ ਆਲ੍ਹਣਾ ਬਣਾਉਂਦਾ ਹੈ।

29“ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸਦਾ ਹੰਕਾਰ ਕਿੰਨਾ ਵੱਡਾ ਹੈ! ਉਸਦੀ ਬੇਵਕੂਫ਼ੀ, ਉਸਦਾ ਹੰਕਾਰ, ਉਸ ਦੀ ਘਮੰਡ ਅਤੇ ਉਸਦੇ ਦਿਲ ਦੇ ਆਕੜ ਬਾਰੇ।

30ਮੈਂ ਉਸਦੀ ਬੇਇੱਜ਼ਤੀ ਨੂੰ ਜਾਣਦਾ ਹਾਂ ਪਰ ਇਹ ਵਿਅਰਥ ਹੈ,” ਯਾਹਵੇਹ ਦਾ ਵਾਕ ਹੈ, “ਅਤੇ ਉਸਦੀ ਸ਼ੇਖੀ ਕੁਝ ਵੀ ਪੂਰਾ ਨਹੀਂ ਕਰਦੀ।

31ਇਸ ਲਈ ਮੈਂ ਮੋਆਬ ਲਈ ਰੋਦਾ ਹਾਂ, ਸਾਰੇ ਮੋਆਬ ਲਈ ਮੈਂ ਪੁਕਾਰਦਾ ਹਾਂ, ਮੈਂ ਕੀਰ ਹੇਰਾਸੇਥ ਦੇ ਲੋਕਾਂ ਲਈ ਦੁਹਾਈ ਦਿੰਦਾ ਹਾਂ।

32ਮੈਂ ਤੁਹਾਡੇ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ, ਹੇ ਸਿਬਮਾਹ ਦੀਆਂ ਵੇਲਾਂ। ਤੁਹਾਡੀਆਂ ਟਹਿਣੀਆਂ ਸੀਹ ਤੱਕ ਫੈਲੀਆਂ ਹੋਈਆਂ ਹਨ; ਉਹ ਯਾਜ਼ਰ ਤੱਕ ਪਹੁੰਚੇ। ਤਬਾਹ ਕਰਨ ਵਾਲਾ ਤੁਹਾਡੇ ਪੱਕੇ ਹੋਏ ਫਲਾਂ ਅਤੇ ਅੰਗੂਰਾਂ ਉੱਤੇ ਡਿੱਗ ਪਿਆ ਹੈ।

33ਅਨੰਦ ਅਤੇ ਮੌਜ ਫਲਦਾਰ ਖੇਤ ਤੋਂ, ਮੋਆਬ ਦੇ ਦੇਸ਼ ਤੋਂ ਚੁੱਕੇ ਗਏ। ਮੈਂ ਚੁਬੱਚਿਆਂ ਤੋਂ ਮੈ ਬੰਦ ਕਰ ਦਿੱਤੀ, ਕੋਈ ਲਲਕਾਰ ਕੇ ਨਾ ਲਤਾੜੇਗਾ, ਉਹਨਾਂ ਦੀ ਲਲਕਾਰ, ਲਲਕਾਰ ਨਾ ਹੋਵੇਗੀ।

34“ਉਹਨਾਂ ਦੇ ਰੋਣ ਦੀ ਆਵਾਜ਼ ਹੇਸ਼ਬੋਨ ਤੋਂ ਅਲਾਲੇਹ ਅਤੇ ਯਹਾਜ਼ ਤੱਕ, ਸੋਆਰ ਤੋਂ ਹੋਰੋਨਾਇਮ ਅਤੇ ਏਗਲਥ ਸ਼ੈਲੀਸ਼ੀਯਾਹ ਤੱਕ, ਕਿਉਂ ਜੋ ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ।

35ਮੋਆਬ ਵਿੱਚ ਮੈਂ ਉਹਨਾਂ ਲੋਕਾਂ ਦਾ ਅੰਤ ਕਰ ਦਿਆਂਗਾ ਜਿਹੜੇ ਉੱਚੇ ਸਥਾਨਾਂ ਉੱਤੇ ਚੜ੍ਹਾਵੇ ਚੜ੍ਹਾਉਂਦੇ ਹਨ ਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੇ ਹਨ,” ਯਾਹਵੇਹ ਦਾ ਵਾਕ ਹੈ।

36“ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗ ਵਿਰਲਾਪ ਕਰਦਾ ਹੈ; ਇਹ ਕੀਰ ਹੇਰਾਸੇਥ ਦੇ ਲੋਕਾਂ ਲਈ ਬੰਸਰੀਆਂ ਵਾਂਗ ਵਿਰਲਾਪ ਕਰਦਾ ਹੈ। ਉਹਨਾਂ ਨੇ ਜੋ ਦੌਲਤ ਹਾਸਲ ਕੀਤੀ ਸੀ ਉਹ ਖਤਮ ਹੋ ਗਈ ਹੈ।

37ਹਰ ਇੱਕ ਸਿਰ ਮੁੰਨਿਆ ਜਾਂਦਾ ਹੈ ਅਤੇ ਹਰ ਦਾੜ੍ਹੀ ਕੱਟੀ ਜਾਂਦੀ ਹੈ; ਹਰ ਹੱਥ ਕੱਟਿਆ ਹੋਇਆ ਹੈ ਅਤੇ ਹਰ ਕਮਰ ਤੱਪੜ ਨਾਲ ਢੱਕੀ ਹੋਈ ਹੈ।

38ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਸੋਗ ਦੇ ਸਿਵਾਏ ਕੁਝ ਨਹੀਂ ਹੈ, ਕਿਉਂ ਜੋ ਮੈਂ ਮੋਆਬ ਨੂੰ ਇੱਕ ਘੜੇ ਵਾਂਗ ਤੋੜ ਦਿੱਤਾ ਹੈ ਜਿਸਨੂੰ ਕੋਈ ਨਹੀਂ ਚਾਹੁੰਦਾ ਹੈ,” ਯਾਹਵੇਹ ਦਾ ਵਾਕ ਹੈ।

39“ਉਹ ਕਿੰਨੀ ਟੁੱਟ ਗਈ ਹੈ! ਉਹ ਕਿਵੇਂ ਵਿਰਲਾਪ ਕਰਦੇ ਹਨ! ਕਿੰਝ ਮੋਆਬ ਨੇ ਸ਼ਰਮ ਨਾਲ ਉਸ ਨੂੰ ਮੋੜ ਲਿਆ! ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈ, ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਦਹਿਸ਼ਤ ਦਾ ਵਿਸ਼ਾ ਬਣ ਗਿਆ ਹੈ।”

40ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ।

41ਕੇਰੀਯੋਥ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਗੜ੍ਹਾਂ ਉੱਤੇ ਅਧਕਾਰ ਕਰ ਲਿਆ ਜਾਵੇਗਾ। ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲ ਜਣੇਪੇ ਵਾਲੀ ਔਰਤ ਦੇ ਦਿਲ ਵਰਗੇ ਹੋਣਗੇ।

42ਮੋਆਬ ਨੂੰ ਇੱਕ ਕੌਮ ਵਜੋਂ ਤਬਾਹ ਕਰ ਦਿੱਤਾ ਜਾਵੇਗਾ ਕਿਉਂਕਿ ਉਸਨੇ ਯਾਹਵੇਹ ਦੀ ਉਲੰਘਣਾ ਕੀਤੀ ਸੀ।

43ਹੇ ਮੋਆਬ ਦੇ ਲੋਕੋ, ਡਰ, ਟੋਆ ਅਤੇ ਫੰਦਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ,” ਯਾਹਵੇਹ ਦਾ ਵਾਕ ਹੈ।

44“ਜੋ ਕੋਈ ਦਹਿਸ਼ਤ ਤੋਂ ਭੱਜਦਾ ਹੈ ਇੱਕ ਟੋਏ ਵਿੱਚ ਡਿੱਗੇਗਾ, ਜੋ ਕੋਈ ਟੋਏ ਵਿੱਚੋਂ ਬਾਹਰ ਨਿੱਕਲੇਗਾ ਇੱਕ ਫਾਹੀ ਵਿੱਚ ਫਸ ਜਾਵੇਗਾ; ਕਿਉਂ ਜੋ ਮੈਂ ਮੋਆਬ ਉੱਤੇ ਉਸ ਦੀ ਸਜ਼ਾ ਦਾ ਸਾਲ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।

45“ਹੇਸ਼ਬੋਨ ਦੇ ਸਾਯੇ ਵਿੱਚ ਭਗੌੜੇ ਬੇਵੱਸ ਖੜ੍ਹੇ ਹਨ, ਕਿਉਂ ਜੋ ਹਸ਼ਬੋਨ ਵਿੱਚੋਂ ਅੱਗ ਨਿਕਲੀ ਹੈ, ਸੀਹੋਨ ਦੇ ਵਿਚਕਾਰੋਂ ਇੱਕ ਅੱਗ; ਉਹ ਮੋਆਬ ਦੇ ਮੱਥੇ ਨੂੰ ਸਾੜ ਦਿੰਦੀ ਹੈ, ਰੌਲਾ ਪਾਉਣ ਵਾਲਿਆਂ ਦੀਆਂ ਖੋਪੜੀਆਂ।

46ਹੇ ਮੋਆਬ, ਤੇਰੇ ਉੱਤੇ ਹਾਏ! ਕਮੋਸ਼ ਦੇ ਲੋਕ ਤਬਾਹ ਹੋ ਗਏ ਹਨ; ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏ ਅਤੇ ਤੇਰੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਲਿਜਾਇਆ ਗਿਆ ਹੈ।

47“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਮੋਆਬ ਦੀ ਕਿਸਮਤ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ। ਇੱਥੇ ਮੋਆਬ ਦਾ ਨਿਆਂ ਖਤਮ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.