2ਮੋਆਬ ਦੀ ਕੋਈ ਹੋਰ ਉਸਤਤ ਨਹੀਂ ਕੀਤੀ ਜਾਵੇਗੀ; ਹੇਸ਼ਬੋਨ ਵਿੱਚ ਲੋਕ ਉਸ ਦੀ ਬੁਰਿਆਈ ਦੀਆਂ ਸਾਜ਼ਿਸ਼ ਕਰਨਗੇ: ‘ਆਓ, ਅਸੀਂ ਉਸ ਕੌਮ ਨੂੰ ਖ਼ਤਮ ਕਰ ਦੇਈਏ।’ ਹੇ ਮਦਮੇਨ ਸ਼ਹਿਰ, ਤੂੰ ਵੀ ਚੁੱਪ ਕਰਾਇਆ ਜਾਵੇਂਗਾ, ਤਲਵਾਰ ਤੇਰਾ ਪਿੱਛਾ ਕਰੇਗੀ।
3ਹੋਰੋਨਾਇਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼, ਵੱਡੀ ਤਬਾਹੀ ਅਤੇ ਵਿਨਾਸ਼ ਦੀ ਪੁਕਾਰ।
4ਮੋਆਬ ਭੰਨਿਆ ਤੋੜਿਆ ਗਿਆ, ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ।
5ਉਹ ਪਹਾੜੀ ਉੱਤੇ ਲੂਹੀਥ ਨੂੰ ਜਾਂਦੇ ਹਨ, ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋਂਦੇ ਹਨ; ਹੋਰੋਨਾਇਮ ਦੇ ਰਸਤੇ ਤਬਾਹੀ ਦੇ ਕਾਰਨ ਦੁੱਖ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ।
6ਭੱਜੋ! ਆਪਣੇ ਜੀਵਨ ਲਈ ਦੌੜੋ; ਉਜਾੜ ਵਿੱਚ ਇੱਕ ਸੁੱਖੇ ਰੁੱਖ ਵਾਂਗ ਹੋ ਜਾਓ।