ਯਿਰਮਿਯਾਹ 16

1ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਇਸ ਸਥਾਨ ਵਿੱਚ ਨਾ ਤੂੰ ਵਿਆਹ ਕਰਨਾ ਅਤੇ ਨਾ ਹੀ ਤੇਰੇ ਪੁੱਤਰਾਂ ਧੀਆਂ ਹੋਣ।”

3ਕਿਉਂਕਿ ਇਸ ਧਰਤੀ ਵਿੱਚ ਪੈਦਾ ਹੋਏ ਪੁੱਤਰਾਂ ਅਤੇ ਧੀਆਂ ਬਾਰੇ ਅਤੇ ਉਹਨਾਂ ਔਰਤਾਂ ਬਾਰੇ ਜੋ ਉਹਨਾਂ ਦੀਆਂ ਮਾਵਾਂ ਹਨ ਅਤੇ ਉਹਨਾਂ ਮਰਦਾਂ ਬਾਰੇ ਜੋ ਉਹਨਾਂ ਦੇ ਪਿਤਾ ਹਨ, ਯਾਹਵੇਹ ਇਸ ਬਾਰੇ ਆਖਦਾ ਹੈ:

4“ਉਹ ਮਾਰੂ ਬਿਮਾਰੀਆਂ ਨਾਲ ਮਰ ਜਾਣਗੇ। ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ ਸਗੋਂ ਜ਼ਮੀਨ ਉੱਤੇ ਪਈ ਹੋਈ ਰੂੜੀ ਵਾਂਗ ਹੋਣਗੇ। ਉਹ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ, ਅਤੇ ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।”

5ਕਿਉਂਕਿ ਯਾਹਵੇਹ ਇਹ ਕਹਿੰਦਾ ਹੈ: “ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ, ਕਿਉਂਕਿ ਮੈਂ ਇਨ੍ਹਾਂ ਲੋਕਾਂ ਤੋਂ ਆਪਣੀ ਸ਼ਾਂਤੀ, ਆਪਣਾ ਪਿਆਰ ਅਤੇ ਆਪਣੀ ਦਯਾ ਵਾਪਸ ਲੈ ਲਿਆ ਹੈ,” ਯਾਹਵੇਹ ਦਾ ਵਾਕ ਹੈ।

6“ਇਸ ਦੇਸ਼ ਵਿੱਚ ਵੱਡੇ ਅਤੇ ਛੋਟੇ ਮਰ ਜਾਣਗੇ, ਅਤੇ ਉਹ ਦੱਬੇ ਨਾ ਜਾਣਗੇ, ਨਾ ਉਹ ਦਫਨਾਏ ਜਾਣਗੇ ਨਾ ਕੋਈ ਸੋਗ ਕਰੇਗਾ ਅਤੇ ਕੋਈ ਵੀ ਮੁਰਦਿਆਂ ਲਈ ਆਪਣੇ ਆਪ ਨੂੰ ਨਹੀਂ ਕੱਟੇਗਾ ਅਤੇ ਨਾ ਹੀ ਆਪਣਾ ਸਿਰ ਮੁਨਵਾਏਗਾ।

7ਕੋਈ ਵੀ ਉਹਨਾਂ ਲੋਕਾਂ ਨੂੰ ਦਿਲਾਸਾ ਦੇਣ ਲਈ ਭੋਜਨ ਨਹੀਂ ਦੇਵੇਗਾ ਜੋ ਮਰੇ ਹੋਏ ਲੋਕਾਂ ਲਈ ਸੋਗ ਕਰਦੇ ਹਨ, ਇੱਥੋਂ ਤੱਕ ਕਿ ਇੱਕ ਪਿਤਾ ਜਾਂ ਮਾਂ ਲਈ ਵੀ ਨਹੀਂ, ਅਤੇ ਨਾ ਹੀ ਕੋਈ ਉਹਨਾਂ ਨੂੰ ਦਿਲਾਸਾ ਦੇਣ ਲਈ ਪੀਣ ਲਈ ਪਾਣੀ ਦੇਵੇਗਾ।

8“ਅਤੇ ਉਸ ਘਰ ਵਿੱਚ ਨਾ ਵੜੋ ਜਿੱਥੇ ਦਾਵਤ ਹੁੰਦੀ ਹੋਵੇ ਅਤੇ ਖਾਣ ਪੀਣ ਲਈ ਬੈਠੋ।

9ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ: ਮੈਂ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਅਤੇ ਤੁਹਾਡੇ ਦਿਨਾਂ ਵਿੱਚ ਇਸ ਸਥਾਨ ਵਿੱਚ ਅਨੰਦ ਅਤੇ ਖੁਸ਼ੀ ਦੀਆਂ ਆਵਾਜ਼ਾਂ ਅਤੇ ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ।

10“ਜਦੋਂ ਤੂੰ ਸਭ ਕੁਝ ਇਨ੍ਹਾਂ ਲੋਕਾਂ ਨੂੰ ਦੱਸੇਗਾ ਅਤੇ ਉਹ ਤੈਨੂੰ ਪੁੱਛਣਗੇ, ‘ਯਾਹਵੇਹ ਨੇ ਸਾਡੇ ਵਿਰੁੱਧ ਇੰਨੀ ਵੱਡੀ ਤਬਾਹੀ ਕਿਉਂ ਸੁਣਾਈ ਹੈ? ਅਸੀਂ ਕੀ ਗਲਤ ਕੀਤਾ ਹੈ? ਅਸੀਂ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀ ਪਾਪ ਕੀਤਾ ਹੈ?’

11ਫਿਰ ਉਹਨਾਂ ਨੂੰ ਆਖੋ, ਯਾਹਵੇਹ ਇਹ ਆਖਦਾ ਹੈ, ‘ਇਹ ਇਸ ਲਈ ਹੈ ਕਿਉਂਕਿ ਤੁਹਾਡੇ ਪੁਰਖਿਆਂ ਨੇ ਮੈਨੂੰ ਤਿਆਗ ਦਿੱਤਾ ਸੀ ਅਤੇ ਹੋਰ ਦੇਵਤਿਆਂ ਦੇ ਪਿੱਛੇ ਚੱਲੇ ਅਤੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਦੀ ਪੂਜਾ ਕੀਤੀ। ਉਹਨਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਨੂੰ ਨਹੀਂ ਮੰਨਿਆ।

12ਪਰ ਤੁਸੀਂ ਆਪਣੇ ਪੁਰਖਿਆਂ ਨਾਲੋਂ ਵੀ ਵੱਧ ਦੁਸ਼ਟਤਾ ਕੀਤੀ। ਵੇਖੋ ਕਿਵੇਂ ਤੁਸੀਂ ਸਾਰੇ ਮੇਰੀ ਗੱਲ ਮੰਨਣ ਦੀ ਬਜਾਏ ਆਪਣੇ ਦੁਸ਼ਟ ਦਿਲਾਂ ਦੀ ਜ਼ਿੱਦ ਤੇ ਚੱਲ ਰਹੇ ਹੋ।

13ਇਸ ਲਈ ਮੈਂ ਤੁਹਾਨੂੰ ਇਸ ਧਰਤੀ ਤੋਂ ਬਾਹਰ ਉਸ ਦੇਸ਼ ਵਿੱਚ ਸੁੱਟ ਦਿਆਂਗਾ, ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ ਅਤੇ ਉੱਥੇ ਤੁਸੀਂ ਦਿਨ-ਰਾਤ ਹੋਰ ਦੇਵਤਿਆਂ ਦੀ ਉਪਾਸਨਾ ਕਰੋਗੇ, ਕਿਉਂਕਿ ਮੈਂ ਤੁਹਾਡੇ ਉੱਤੇ ਕੋਈ ਕਿਰਪਾ ਨਹੀਂ ਕਰਾਂਗਾ।’ ”

14ਯਾਹਵੇਹ ਦਾ ਵਾਕ ਹੈ, “ਉਹ ਦਿਨ ਆ ਰਹੇ ਹਨ, ਜਦੋਂ ਇਹ ਨਹੀਂ ਕਿਹਾ ਜਾਵੇਗਾ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’

15ਪਰ ਇਹ ਆਖਿਆ ਜਾਵੇਗਾ, ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲੀਆਂ ਨੂੰ ਉੱਤਰ ਦੇ ਦੇਸ਼ ਵਿੱਚੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ, ਕੱਢ ਲਿਆਇਆ। ਉਹਨਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਓ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”

16ਯਾਹਵੇਹ ਨੇ ਕਿਹਾ, “ਪਰ ਹੁਣ ਮੈਂ ਬਹੁਤ ਸਾਰੇ ਮਛੇਰਿਆਂ ਨੂੰ ਬੁਲਾਵਾਂਗਾ ਅਤੇ ਉਹ ਉਹਨਾਂ ਨੂੰ ਫੜ ਲੈਣਗੇ। ਉਸ ਤੋਂ ਬਾਅਦ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਬੁਲਾਵਾਂਗਾ, ਅਤੇ ਉਹ ਹਰ ਪਰਬਤ ਅਤੇ ਪਹਾੜ ਉੱਤੇ ਅਤੇ ਚਟਾਨਾਂ ਦੀਆਂ ਤੇੜਾਂ ਤੋਂ ਉਹਨਾਂ ਦਾ ਸ਼ਿਕਾਰ ਕਰਨਗੇ।

17ਮੇਰੀ ਨਿਗਾਹ ਉਹਨਾਂ ਦੇ ਸਾਰੇ ਰਾਹਾਂ ਉੱਤੇ ਹੈ। ਉਹ ਮੇਰੇ ਤੋਂ ਲੁਕੇ ਨਹੀਂ ਹਨ, ਨਾ ਹੀ ਉਹਨਾਂ ਦਾ ਪਾਪ ਮੇਰੀਆਂ ਅੱਖਾਂ ਤੋਂ ਲੁਕਿਆ ਹੋਇਆ ਹੈ।

18ਮੈਂ ਉਹਨਾਂ ਨੂੰ ਉਹਨਾਂ ਦੀ ਦੁਸ਼ਟਤਾ ਅਤੇ ਉਹਨਾਂ ਦੇ ਪਾਪ ਲਈ ਦੁੱਗਣਾ ਬਦਲਾ ਦਿਆਂਗਾ, ਕਿਉਂਕਿ ਉਹਨਾਂ ਨੇ ਮੇਰੀ ਧਰਤੀ ਨੂੰ ਆਪਣੀਆਂ ਘਿਣਾਉਣੀਆਂ ਮੂਰਤੀਆਂ ਦੇ ਬੇਜਾਨ ਰੂਪਾਂ ਨਾਲ ਪਲੀਤ ਕੀਤਾ ਹੈ ਅਤੇ ਮੇਰੀ ਵਿਰਾਸਤ ਨੂੰ ਉਹਨਾਂ ਦੇ ਘਿਣਾਉਣੇ ਬੁੱਤਾਂ ਨਾਲ ਭਰ ਦਿੱਤਾ ਹੈ।”

19ਹੇ ਯਾਹਵੇਹ, ਮੇਰੀ ਤਾਕਤ ਅਤੇ ਮੇਰਾ ਕਿਲ੍ਹਾ, ਮੁਸੀਬਤ ਦੇ ਸਮੇਂ ਮੇਰੀ ਪਨਾਹ, ਧਰਤੀ ਦੇ ਸਿਰੇ ਤੋਂ ਕੌਮਾਂ ਤੇਰੇ ਕੋਲ ਆਉਣਗੀਆਂ ਅਤੇ ਆਖਣਗੀਆਂ, “ਸਾਡੇ ਪੁਰਖਿਆਂ ਕੋਲ ਝੂਠੇ ਦੇਵਤਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਵਿਅਰਥ ਮੂਰਤੀਆਂ ਜਿਨ੍ਹਾਂ ਨੇ ਉਹਨਾਂ ਦਾ ਕੋਈ ਭਲਾ ਨਹੀਂ ਕੀਤਾ।

20ਕੀ ਲੋਕ ਆਪਣੇ ਦੇਵਤੇ ਬਣਾਉਂਦੇ ਹਨ? ਹਾਂ, ਪਰ ਉਹ ਦੇਵਤੇ ਨਹੀਂ ਹਨ!”

21“ਇਸ ਲਈ ਮੈਂ ਉਹਨਾਂ ਨੂੰ ਸਿਖਾਵਾਂਗਾ, ਇਸ ਵਾਰ ਮੈਂ ਉਹਨਾਂ ਨੂੰ ਆਪਣੀ ਬਲ ਅਤੇ ਸ਼ਕਤੀ ਸਿਖਾਵਾਂਗਾ। ਤਦ ਉਹ ਜਾਣ ਲੈਣਗੇ ਕਿ ਮੇਰਾ ਨਾਮ ਯਾਹਵੇਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.