12ਪਰ ਤੁਸੀਂ ਆਪਣੇ ਪੁਰਖਿਆਂ ਨਾਲੋਂ ਵੀ ਵੱਧ ਦੁਸ਼ਟਤਾ ਕੀਤੀ। ਵੇਖੋ ਕਿਵੇਂ ਤੁਸੀਂ ਸਾਰੇ ਮੇਰੀ ਗੱਲ ਮੰਨਣ ਦੀ ਬਜਾਏ ਆਪਣੇ ਦੁਸ਼ਟ ਦਿਲਾਂ ਦੀ ਜ਼ਿੱਦ ਤੇ ਚੱਲ ਰਹੇ ਹੋ।
13ਇਸ ਲਈ ਮੈਂ ਤੁਹਾਨੂੰ ਇਸ ਧਰਤੀ ਤੋਂ ਬਾਹਰ ਉਸ ਦੇਸ਼ ਵਿੱਚ ਸੁੱਟ ਦਿਆਂਗਾ, ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ ਅਤੇ ਉੱਥੇ ਤੁਸੀਂ ਦਿਨ-ਰਾਤ ਹੋਰ ਦੇਵਤਿਆਂ ਦੀ ਉਪਾਸਨਾ ਕਰੋਗੇ, ਕਿਉਂਕਿ ਮੈਂ ਤੁਹਾਡੇ ਉੱਤੇ ਕੋਈ ਕਿਰਪਾ ਨਹੀਂ ਕਰਾਂਗਾ।’ ”
14ਯਾਹਵੇਹ ਦਾ ਵਾਕ ਹੈ, “ਉਹ ਦਿਨ ਆ ਰਹੇ ਹਨ, ਜਦੋਂ ਇਹ ਨਹੀਂ ਕਿਹਾ ਜਾਵੇਗਾ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’
15ਪਰ ਇਹ ਆਖਿਆ ਜਾਵੇਗਾ, ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲੀਆਂ ਨੂੰ ਉੱਤਰ ਦੇ ਦੇਸ਼ ਵਿੱਚੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ, ਕੱਢ ਲਿਆਇਆ। ਉਹਨਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਓ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”
16ਯਾਹਵੇਹ ਨੇ ਕਿਹਾ, “ਪਰ ਹੁਣ ਮੈਂ ਬਹੁਤ ਸਾਰੇ ਮਛੇਰਿਆਂ ਨੂੰ ਬੁਲਾਵਾਂਗਾ ਅਤੇ ਉਹ ਉਹਨਾਂ ਨੂੰ ਫੜ ਲੈਣਗੇ। ਉਸ ਤੋਂ ਬਾਅਦ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਬੁਲਾਵਾਂਗਾ, ਅਤੇ ਉਹ ਹਰ ਪਰਬਤ ਅਤੇ ਪਹਾੜ ਉੱਤੇ ਅਤੇ ਚਟਾਨਾਂ ਦੀਆਂ ਤੇੜਾਂ ਤੋਂ ਉਹਨਾਂ ਦਾ ਸ਼ਿਕਾਰ ਕਰਨਗੇ।