ਯਿਰਮਿਯਾਹ 42

1ਤਦ ਫੌਜਾਂ ਦੇ ਸਾਰੇ ਸਰਦਾਰ ਕਾਰੇਆਹ ਦਾ ਪੁੱਤਰ ਯੋਹਾਨਾਨ ਹੋਸ਼ਆਯਾਹ ਦਾ ਪੁੱਤਰ ਯਜ਼ਨਯਾਹ ਅਤੇ ਸਭ ਲੋਕ ਛੋਟੇ ਤੋਂ ਵੱਡੇ ਤੱਕ ਨੇੜੇ ਆਏ

2ਅਤੇ ਯਿਰਮਿਯਾਹ ਨਬੀ ਨੂੰ ਆਖਿਆ ਕਿ “ਸਾਡੀ ਅਰਦਾਸ ਤੇਰੇ ਸਨਮੁਖ ਪਹੁੰਚੇ ਸਾਡੇ ਲਈ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਪ੍ਰਾਰਥਨਾ ਕਰ ਅਤੇ ਇਹਨਾਂ ਸਾਰਿਆਂ ਬਚਿਆਂ ਹੋਇਆਂ ਲਈ ਵੀ, ਕਿਉਂ ਜੋ ਅਸੀਂ ਬਹੁਤਿਆਂ ਵਿੱਚੋਂ ਥੋੜੇ ਜਿਹੇ ਬਚੇ ਹਾਂ ਜਿਵੇਂ ਤੇਰੀਆਂ ਅੱਖਾਂ ਸਾਨੂੰ ਵੇਖਦੀਆਂ ਹਨ।

3ਪ੍ਰਾਰਥਨਾ ਕਰੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਸਾਨੂੰ ਦੱਸੇ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ।”

4ਯਿਰਮਿਯਾਹ ਨਬੀ ਨੇ ਜਵਾਬ ਦਿੱਤਾ, “ਮੈਂ ਤੈਨੂੰ ਸੁਣਿਆ ਹੈ ਮੈਂ ਨਿਸ਼ਚਤ ਤੌਰ ਤੇ ਤੁਹਾਡੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਾਂਗਾ ਜਿਵੇਂ ਤੁਸੀਂ ਬੇਨਤੀ ਕੀਤੀ ਹੈ; ਮੈਂ ਤੁਹਾਨੂੰ ਉਹ ਸਭ ਕੁਝ ਦੱਸਾਂਗਾ ਜੋ ਯਾਹਵੇਹ ਆਖਦਾ ਹੈ ਅਤੇ ਤੁਹਾਡੇ ਤੋਂ ਕੁਝ ਵੀ ਵਾਪਸ ਨਹੀਂ ਰੱਖਾਂਗਾ।”

5ਤਦ ਉਹਨਾਂ ਨੇ ਯਿਰਮਿਯਾਹ ਨੂੰ ਕਿਹਾ, “ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜਿਹੜੀ ਤੁਹਾਨੂੰ ਯਾਹਵੇਹ ਤੁਹਾਡਾ ਪਰਮੇਸ਼ਵਰ ਸਾਨੂੰ ਦੱਸਣ ਲਈ ਭੇਜਦਾ ਹੈ, ਜੇਕਰ ਅਸੀਂ ਨਹੀਂ ਕਰਾਂਗੇ, ਯਾਹਵੇਹ ਸਾਡੇ ਵਿਰੁੱਧ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ।

6ਭਾਵੇਂ ਕੀ ਇਹ ਸੰਦੇਸ਼ ਸਾਡੇ ਲਈ ਸੁੱਖ ਦਾ ਹੋਵੇ ਜਾਂ ਦੁੱਖ ਦਾ ਹੋਵੇ, ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਸੰਦੇਸ਼ ਨੂੰ ਸੁਣਾਂਗੇ, ਜਿਸ ਦੇ ਅੱਗੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਨੂੰ ਮੰਨਾਂਗੇ ਤਾਂ ਸਾਡਾ ਭਲਾ ਹੋਵੇਗਾ।”

7ਦਸ ਦਿਨਾਂ ਬਾਅਦ ਯਾਹਵੇਹ ਦਾ ਬਚਨ ਯਿਰਮਿਯਾਹ ਨੂੰ ਆਇਆ।

8ਤਦ ਉਸ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਸਨ ਅਤੇ ਸਾਰੇ ਲੋਕਾਂ ਨੂੰ ਛੋਟੇ ਤੋਂ ਵੱਡੇ ਤੱਕ ਸੱਦਿਆ।

9ਉਸ ਨੇ ਉਹਨਾਂ ਨੂੰ ਕਿਹਾ, “ਇਸਰਾਏਲ ਦਾ ਯਾਹਵੇਹ, ਜਿਸ ਦੇ ਅੱਗੇ ਤੁਸੀਂ ਮੈਨੂੰ ਬੇਨਤੀ ਕਰਨ ਲਈ ਭੇਜਿਆ ਸੀ, ਇਹ ਆਖਦਾ ਹੈ:

10ਜੇ ਤੁਸੀਂ ਮੁੜ ਇਸ ਦੇਸ਼ ਵਿੱਚ ਵੱਸੋ ਤਾਂ ਫਿਰ ਮੈਂ ਤੁਹਾਨੂੰ ਖੁਸ਼ਹਾਲੀ ਦੇਵਾਂਗਾ, ਤੁਹਾਨੂੰ ਤਬਾਹ ਨਹੀਂ ਕਰਾਂਗਾ, ਤੁਹਾਨੂੰ ਲਵਾਂਗਾ ਅਤੇ ਪੁੱਟਾਂਗਾ ਨਹੀਂ ਕਿਉਂਕਿ ਮੈਂ ਉਨ੍ਹਾਂ ਮੁਸੀਬਤਾਂ ਬਾਰੇ ਪਛਤਾਵਾਂਗਾ ਜੋ ਮੈਂ ਤੁਹਾਨੂੰ ਦਿੱਤੀਆਂ ਹਨ।

11ਬਾਬੇਲ ਦੇ ਰਾਜੇ ਤੋਂ ਨਾ ਡਰੋ, ਜਿਸ ਤੋਂ ਤੁਸੀਂ ਹੁਣ ਡਰਦੇ ਹੋ। ਉਸ ਤੋਂ ਨਾ ਡਰੋ, ਯਾਹਵੇਹ ਦਾ ਵਾਕ ਹੈ, ਕਿਉਂਕਿ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਬਚਾਵਾਂਗਾ ਅਤੇ ਤੁਹਾਨੂੰ ਉਸਦੇ ਹੱਥੋਂ ਛੁਡਾਵਾਂਗਾ।

12ਮੈਂ ਤੁਹਾਡੇ ਉੱਤੇ ਤਰਸ ਕਰਾਂਗਾ ਤਾਂ ਜੋ ਉਹ ਤੁਹਾਡੇ ਉੱਤੇ ਤਰਸ ਕਰੇ ਅਤੇ ਤੁਹਾਨੂੰ ਤੁਹਾਡੀ ਧਰਤੀ ਉੱਤੇ ਵਾਪਸ ਲਿਆਵੇ।

13“ਪਰ ਜੇ ਤੁਸੀਂ ਆਖੋ ਕਿ ਅਸੀਂ ਇਸ ਦੇਸ਼ ਵਿੱਚ ਨਾ ਵੱਸਾਂਗੇ ਅਤੇ ਸੋ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨਾ ਸੁਣੋਗੇ,

14ਅਤੇ ਜੇ ਤੁਸੀਂ ਕਹੋ, ‘ਨਹੀਂ, ਅਸੀਂ ਜਾ ਕੇ ਮਿਸਰ ਵਿੱਚ ਰਹਾਂਗੇ। ਅਸੀਂ ਨਾ ਜੰਗ ਵੇਖਾਂਗੇ, ਨਾ ਤੁਰ੍ਹੀ ਸੁਣਾਂਗੇ, ਨਾ ਰੋਟੀ ਲਈ ਭੁੱਖੇ ਰਹਾਂਗੇ,’

15ਤਦ ਹੇ ਯਹੂਦਾਹ ਦੇ ਬਚੇ ਲੋਕੋਂ, ਯਾਹਵੇਹ ਦਾ ਬਚਨ ਸੁਣੋ। ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਉਂ ਫ਼ਰਮਾਉਂਦਾ ਹੈ, ‘ਜੇਕਰ ਤੁਸੀਂ ਮਿਸਰ ਨੂੰ ਜਾਣ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਤੁਸੀਂ ਉੱਥੇ ਜਾ ਕੇ ਵੱਸੋਗੇ,

16ਤਾਂ ਜਿਸ ਤਲਵਾਰ ਤੋਂ ਤੁਸੀਂ ਡਰਦੇ ਹੋ, ਉੱਥੇ ਤੁਹਾਨੂੰ ਆ ਜਾਵੇਗੀ ਅਤੇ ਜਿਸ ਕਾਲ ਤੋਂ ਤੁਸੀਂ ਡਰਦੇ ਹੋ ਉਹ ਤੁਹਾਡੇ ਪਿੱਛੇ ਮਿਸਰ ਵਿੱਚ ਆਵੇਗਾ ਅਤੇ ਉੱਥੇ ਤੁਸੀਂ ਮਰ ਜਾਵੋਂਗੇ।

17ਉਹ ਸਾਰੇ ਮਨੁੱਖ ਜਿਹੜੇ ਮਿਸਰ ਵਿੱਚ ਜਾ ਕੇ ਰਹਿਣ ਦਾ ਫ਼ੈਸਲਾ ਕਰਦਾ ਹੈ, ਉਹ ਤਲਵਾਰ, ਕਾਲ ਅਤੇ ਬਵਾ ਨਾਲ ਮਰਨਗੇ। ਉਹ ਉਸ ਬੁਰਿਆਈ ਤੋਂ ਜਿਹੜੀ ਮੈਂ ਉਹਨਾਂ ਉੱਤੇ ਲਿਆਵਾਂਗਾ ਨਾ ਨੱਠ ਸਕਣਗੇ, ਨਾ ਉਸ ਤੋਂ ਛੁੱਟ ਸਕਣਗੇ।’

18ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ: ‘ਜਿਵੇਂ ਮੇਰਾ ਕ੍ਰੋਧ ਅਤੇ ਗੁੱਸਾ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਵਰ੍ਹਾਇਆ ਗਿਆ। ਤਿਵੇਂ ਮੇਰਾ ਗੁੱਸਾ ਤੁਹਾਡੇ ਉੱਤੇ ਜਦ ਤੁਸੀਂ ਮਿਸਰ ਵਿੱਚ ਜਾਓਗੇ ਵਰ੍ਹਾਇਆ ਜਾਵੇਗਾ ਅਤੇ ਤੁਸੀਂ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਵੋਗੇ ਅਤੇ ਇਸ ਸਥਾਨ ਨੂੰ ਫਿਰ ਨਾ ਵੇਖੋਗੇ।’

19“ਹੇ ਯਹੂਦਾਹ ਦੇ ਬਚੇ ਹੋਏ ਲੋਕੋਂ, ਯਾਹਵੇਹ ਦਾ ਬਚਨ ਤੁਹਾਡੇ ਲਈ ਇਹ ਹੈ, ਭਈ ਤੁਸੀਂ ਮਿਸਰ ਨੂੰ ਨਾ ਜਾਓ, ਤੁਸੀਂ ਸੱਚ-ਮੁੱਚ ਜਾਣ ਲਓ ਕਿ ਮੈਂ ਅੱਜ ਤੁਹਾਡੇ ਲਈ ਗਵਾਹੀ ਦਿੱਤੀ ਹੈ

20ਕਿ ਤੁਸੀਂ ਇੱਕ ਵੱਡੀ ਗਲਤੀ ਕੀਤੀ ਹੈ ਜਦੋਂ ਤੁਸੀਂ ਮੈਨੂੰ ਭੇਜਿਆ ਸੀ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਕਿਹਾ, ‘ਸਾਡੇ ਲਈ ਸਾਡੇ ਪਰਮੇਸ਼ਵਰ ਨੂੰ ਪ੍ਰਾਰਥਨਾ ਕਰੋ; ਸਾਨੂੰ ਉਹ ਸਭ ਕੁਝ ਦੱਸੋ ਜੋ ਉਹ ਕਹਿੰਦਾ ਹੈ ਅਤੇ ਅਸੀਂ ਕਰਾਂਗੇ।’

21ਮੈਂ ਤੁਹਾਨੂੰ ਅੱਜ ਦੱਸ ਦਿੱਤਾ ਹੈ, ਪਰ ਤੁਸੀਂ ਅਜੇ ਵੀ ਯਾਹਵੇਹ ਆਪਣੇ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਿਆ ਜਿਸਨੇ ਮੈਨੂੰ ਤੁਹਾਨੂੰ ਦੱਸਣ ਲਈ ਭੇਜਿਆ ਹੈ।

22ਇਸ ਲਈ ਹੁਣ ਇਹ ਗੱਲ ਨਿਸ਼ਚਿਤ ਕਰ ਲਵੋ ਕਿ ਤੁਸੀਂ ਜਿੱਥੇ ਵੱਸਣਾ ਚਾਹੁੰਦੇ ਹੋ ਉੱਥੇ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਮਰੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.