ਯਿਰਮਿਯਾਹ 44

1ਉਹ ਬਚਨ ਜਿਹੜਾ ਸਾਰੇ ਯਹੂਦੀਆਂ ਦੇ ਬਾਰੇ ਜਿਹੜੇ ਮਿਸਰ ਦੇਸ਼ ਵਿੱਚ ਵੱਸਦੇ ਸਨ, ਅਰਥਾਤ ਮਿਗਦੋਲ, ਤਾਹਪਨਹੇਸ, ਨੋਫ਼ ਅਤੇ ਪਥਰੋਸ ਦੇਸ਼ ਦੇ ਵੱਸਣ ਵਾਲਿਆਂ ਦੇ ਬਾਰੇ ਯਿਰਮਿਯਾਹ ਕੋਲ ਆਇਆ:

2“ਇਹੀ ਹੈ ਜੋ ਯਾਹਵੇਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ: ਮੈਂ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਕਸਬਿਆਂ ਉੱਤੇ ਵੱਡੀ ਤਬਾਹੀ ਨੂੰ ਤੁਸੀਂ ਦੇਖਿਆ ਹੈ। ਅੱਜ ਉਹ ਉਜਾੜ ਅਤੇ ਤਬਾਹੀ ਵਿੱਚ ਪਏ ਹੋਏ ਹਨ

3ਕਿਉਂਕਿ ਉਹ ਬਦੀ ਜਿਹੜੀ ਉਹਨਾਂ ਨੇ ਕੀਤੀ। ਉਹਨਾਂ ਨੇ ਧੂਪ ਧੁਖ ਕੇ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਕੇ ਮੇਰੇ ਗੁੱਸੇ ਨੂੰ ਭੜਕਾਇਆ ਜਿਸ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਕਦੇ ਜਾਣਿਆ।

4ਬਾਰ-ਬਾਰ ਮੈਂ ਆਪਣੇ ਸੇਵਕਾਂ ਨਬੀਆਂ ਨੂੰ ਭੇਜਿਆ, ਜਿਨ੍ਹਾਂ ਨੇ ਕਿਹਾ, ‘ਇਹ ਘਿਣਾਉਣੀ ਗੱਲ ਨਾ ਕਰੋ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ!’

5ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਉਹ ਆਪਣੀ ਦੁਸ਼ਟਤਾ ਤੋਂ ਨਹੀਂ ਮੁੜਿਆ ਅਤੇ ਨਾ ਹੀ ਦੂਜੇ ਦੇਵਤਿਆਂ ਲਈ ਧੂਪ ਧੁਖਾਉਣੀ ਬੰਦ ਕੀਤੀ।

6ਇਸ ਲਈ, ਮੇਰਾ ਭਿਆਨਕ ਕ੍ਰੋਧ ਡੋਲ੍ਹਿਆ ਗਿਆ; ਇਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਦੇ ਵਿਰੁੱਧ ਭੜਕ ਉੱਠਿਆ ਅਤੇ ਉਹਨਾਂ ਨੂੰ ਵਿਰਾਨ ਖੰਡਰ ਬਣਾ ਦਿੱਤਾ ਜੋ ਉਹ ਅੱਜ ਹਨ।

7“ਹੁਣ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਅਤੇ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਆਪਣੇ ਲੋਕਾਂ ਨੂੰ ਕਾਲ ਵਿੱਚ ਤਬਾਹ ਕਰਨ ਲਈ ਤਿਆਰ ਹੋ, ਤਾਂ ਜੋ ਤੁਹਾਡੇ ਲਈ ਯਹੂਦਾਹ ਵਿੱਚ ਕੋਈ ਵੀ ਆਦਮੀ, ਔਰਤਾਂ, ਬੱਚੇ ਅਤੇ ਨਿਆਣੇ ਨਾ ਬਚੇ?

8ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ਼ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ।

9ਕੀ ਤੁਸੀਂ ਆਪਣੇ ਪੁਰਖਿਆਂ ਅਤੇ ਯਹੂਦਾਹ ਦੇ ਰਾਜਿਆਂ ਅਤੇ ਰਾਣੀਆਂ ਦੁਆਰਾ ਕੀਤੀ ਗਈ ਦੁਸ਼ਟਤਾ ਨੂੰ ਭੁੱਲ ਗਏ ਹੋ ਅਤੇ ਉਸ ਬੁਰਿਆਈ ਨੂੰ ਜੋ ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਯਹੂਦਾਹ ਦੇ ਦੇਸ਼ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀਤੀ ਸੀ?

10ਅੱਜ ਦੇ ਦਿਨ ਤੱਕ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ, ਨਾ ਸਤਿਕਾਰ ਕੀਤਾ, ਨਾ ਹੀ ਉਹਨਾਂ ਨੇ ਮੇਰੀ ਬਿਵਸਥਾ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜਿਨ੍ਹਾਂ ਨੂੰ ਮੈਂ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਦੇ ਅੱਗੇ ਰੱਖਿਆ ਹੈ।

11“ਇਸ ਲਈ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਮੈਂ ਤੁਹਾਡੇ ਉੱਤੇ ਤਬਾਹੀ ਲਿਆਉਣ ਅਤੇ ਸਾਰੇ ਯਹੂਦਾਹ ਨੂੰ ਤਬਾਹ ਕਰਨ ਦਾ ਪੱਕਾ ਇਰਾਦਾ ਕੀਤਾ ਹੈ।

12ਮੈਂ ਯਹੂਦਾਹ ਦੇ ਬਚੇ ਹੋਏ ਲੋਕਾਂ ਨੂੰ ਲੈ ਜਾਵਾਂਗਾ ਜੋ ਮਿਸਰ ਵਿੱਚ ਜਾ ਕੇ ਉੱਥੇ ਵੱਸਣ ਦਾ ਇਰਾਦਾ ਰੱਖਦੇ ਸਨ। ਉਹ ਸਾਰੇ ਮਿਸਰ ਵਿੱਚ ਨਾਸ਼ ਹੋ ਜਾਣਗੇ; ਉਹ ਤਲਵਾਰ ਨਾਲ ਡਿੱਗਣਗੇ ਜਾਂ ਕਾਲ ਨਾਲ ਮਰ ਜਾਣਗੇ। ਛੋਟੇ ਤੋਂ ਵੱਡੇ ਤੱਕ, ਉਹ ਤਲਵਾਰ ਜਾਂ ਕਾਲ ਨਾਲ ਮਰ ਜਾਣਗੇ। ਉਹ ਇੱਕ ਸਰਾਪ ਅਤੇ ਦਹਿਸ਼ਤ ਦਾ ਇੱਕ ਵਸਤੂ, ਇੱਕ ਸਰਾਪ ਅਤੇ ਬਦਨਾਮੀ ਦਾ ਇੱਕ ਵਸਤੂ ਬਣ ਜਾਵੇਗਾ।

13ਮੈਂ ਮਿਸਰ ਵਿੱਚ ਰਹਿਣ ਵਾਲਿਆਂ ਨੂੰ ਤਲਵਾਰ, ਕਾਲ ਅਤੇ ਬਵਾ ਨਾਲ ਸਜ਼ਾ ਦਿਆਂਗਾ, ਜਿਵੇਂ ਮੈਂ ਯੇਰੂਸ਼ਲੇਮ ਨੂੰ ਸਜ਼ਾ ਦਿੱਤੀ ਸੀ।

14ਯਹੂਦਾਹ ਦੇ ਬਚੇ ਹੋਏ ਲੋਕਾਂ ਵਿੱਚੋਂ ਇੱਕ ਆਦਮੀ ਵੀ ਮੇਰੀ ਸਜ਼ਾ ਤੋਂ ਨਹੀਂ ਬਚੇਗਾ ਜਿਹੜੇ ਮਿਸਰ ਵਿੱਚ ਰਹਿਣ ਲਈ ਚਲੇ ਗਏ ਹਨ। ਉਨ੍ਹਾਂ ਵਿੱਚੋਂ ਕੋਈ ਵੀ ਯਹੂਦਾਹ ਵਿੱਚ ਵਾਪਸ ਆਉਣ ਲਈ ਨਹੀਂ ਬਚੇਗਾ। ਉਹ ਲੋਕ ਯਹੂਦਾਹ ਵਾਪਸ ਆਉਣਾ ਚਾਹੁੰਦੇ ਹਨ ਅਤੇ ਉੱਥੇ ਰਹਿਣਾ ਚਾਹੁੰਦੇ ਹਨ। ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਯਹੂਦਾਹ ਵਾਪਸ ਨਹੀਂ ਜਾਵੇਗਾ, ਸ਼ਾਇਦ ਕੁਝ ਲੋਕ ਬਚ ਕੇ ਨਿਕਲ ਸਕਣ।”

15ਤਦ ਸਾਰੇ ਮਨੁੱਖਾਂ ਨੇ ਜਿਹੜੇ ਜਾਣਦੇ ਸਨ ਕਿ ਉਹਨਾਂ ਦੀਆਂ ਔਰਤਾਂ ਨੇ ਦੂਜੇ ਦੇਵਤਿਆਂ ਲਈ ਧੂਪ ਧੁਖਾਈ ਹੈ ਅਤੇ ਕੋਲ ਖਲੋਤੀਆਂ ਔਰਤਾਂ ਦੇ ਵੱਡੇ ਦਲ ਨੇ ਸਾਰੇ ਲੋਕਾਂ ਨੇ ਜਿਹੜੇ ਮਿਸਰ ਦੇਸ਼ ਦੇ ਪਥਰੋਸ ਵਿੱਚ ਵੱਸਦੇ ਸਨ ਯਿਰਮਿਯਾਹ ਨੂੰ ਉੱਤਰ ਦਿੱਤਾ,

16“ਅਸੀਂ ਉਸ ਸੰਦੇਸ਼ ਨੂੰ ਨਹੀਂ ਸੁਣਾਗੇ ਜੋ ਤੂੰ ਸਾਡੇ ਨਾਲ ਯਾਹਵੇਹ ਦੇ ਨਾਮ ਵਿੱਚ ਬੋਲਿਆ ਹੈ!

17ਪਰ ਅਸੀਂ ਜ਼ਰੂਰ ਉਹ ਸਾਰਾ ਬਚਨ ਜਿਹੜਾ ਸਾਡੇ ਮੂੰਹੋਂ ਨਿੱਕਲਿਆ ਹੈ ਪੂਰਾ ਕਰਾਂਗੇ। ਅਸੀਂ ਸਵਰਗ ਦੀ ਰਾਣੀ ਲਈ ਧੂਪ ਧੁਖਾਵਾਂਗੇ ਅਤੇ ਪੀਣ ਦੀਆਂ ਭੇਟਾਂ ਉਹ ਦੇ ਲਈ ਡੋਲ੍ਹਾਂਗੇ ਜਿਵੇਂ ਅਸੀਂ ਆਪ, ਸਾਡੇ ਪੁਰਖਿਆਂ ਨੇ, ਸਾਡੇ ਰਾਜਿਆਂ ਨੇ, ਸਾਡੇ ਸਰਦਾਰਾਂ ਨੇ, ਯਹੂਦਾਹ ਦੇ ਸ਼ਹਿਰਾਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀਤਾ ਸੀ। ਤਦ ਅਸੀਂ ਰੋਟੀ ਨਾਲ ਰਜਾਏ ਜਾਂਦੇ ਸੀ ਅਤੇ ਅਸੀਂ ਚੰਗੇ ਸੀ ਅਤੇ ਕੋਈ ਬੁਰਿਆਈ ਨਹੀਂ ਵੇਖਦੇ ਸੀ।

18ਪਰ ਜਦੋਂ ਤੋਂ ਅਸੀਂ ਸਵਰਗ ਦੀ ਰਾਣੀ ਲਈ ਧੂਪ ਧੁਖਾਉਣੀ ਅਤੇ ਉਹ ਦੇ ਅੱਗੇ ਪੀਣ ਦੀਆਂ ਭੇਟਾਂ ਡੋਲ੍ਹਣੀਆਂ ਬੰਦ ਕੀਤੀਆਂ ਹਨ, ਉਦੋਂ ਤੋਂ ਸਾਡੇ ਕੋਲ ਕੁਝ ਵੀ ਨਹੀਂ ਹੈ ਅਤੇ ਅਸੀਂ ਤਲਵਾਰ ਅਤੇ ਕਾਲ ਨਾਲ ਮਰਦੇ ਰਹੇ ਹਾਂ।”

19“ਜਦ ਅਸੀਂ ਸਵਰਗ ਦੀ ਰਾਣੀ ਲਈ ਧੂਪ ਧੁਖਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹਦੀਆਂ ਸੀ ਤਾਂ ਕੀ ਅਸੀਂ ਆਪਣੇ ਮਨੁੱਖਾਂ ਦੇ ਬਿਨ੍ਹਾਂ ਉਹ ਦੀਆਂ ਟਿੱਕੀਆਂ ਦੇ ਬੁੱਤ ਬਣਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹਦੀਆਂ ਸੀ?”

20ਤਦ ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਉਹਨਾਂ ਦੇ ਆਦਮੀਆਂ ਅਤੇ ਔਰਤਾਂ ਨੂੰ, ਜੋ ਉਸਨੂੰ ਉੱਤਰ ਦੇ ਰਹੇ ਸਨ, ਆਖਿਆ,

21“ਉਹ ਧੂਪ ਜਿਹੜੀ ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ, ਤੁਹਾਡੇ ਸਰਦਾਰਾਂ ਅਤੇ ਦੇਸ਼ ਦੇ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਧੁਖਾਈ, ਕੀ ਯਾਹਵੇਹ ਨੇ ਉਹ ਨੂੰ ਚੇਤੇ ਨਾ ਕੀਤਾ ਅਤੇ ਉਹ ਦੇ ਦਿਲ ਉੱਤੇ ਨਾ ਆਇਆ?

22ਜਦੋਂ ਯਾਹਵੇਹ ਤੁਹਾਡੇ ਦੁਸ਼ਟ ਕੰਮਾਂ ਅਤੇ ਤੁਹਾਡੇ ਦੁਆਰਾ ਕੀਤੇ ਘਿਣਾਉਣੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ, ਤਾਂ ਤੁਹਾਡੀ ਧਰਤੀ ਇੱਕ ਸਰਾਪ ਅਤੇ ਵਸਨੀਕਾਂ ਦੇ ਬਿਨਾਂ ਇੱਕ ਵਿਰਾਨ ਰਹਿੰਦ-ਖੂੰਹਦ ਬਣ ਗਈ, ਜਿਵੇਂ ਕਿ ਇਹ ਅੱਜ ਹੈ।

23ਕਿਉਂਕਿ ਤੁਸੀਂ ਧੂਪ ਧੁਖਾਈ ਹੈ ਅਤੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਉਸ ਦੀ ਆਗਿਆ ਨਹੀਂ ਮੰਨੀ ਜਾਂ ਉਸ ਦੇ ਕਾਨੂੰਨ ਜਾਂ ਉਸ ਦੇ ਹੁਕਮਾਂ ਜਾਂ ਉਸ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ, ਇਹ ਬਿਪਤਾ ਤੁਹਾਡੇ ਉੱਤੇ ਆਈ ਹੈ, ਜਿਵੇਂ ਤੁਸੀਂ ਹੁਣ ਵੇਖ ਰਹੇ ਹੋ।”

24ਫਿਰ ਯਿਰਮਿਯਾਹ ਨੇ ਔਰਤਾਂ ਸਮੇਤ ਸਾਰੇ ਲੋਕਾਂ ਨੂੰ ਆਖਿਆ, “ਹੇ ਸਾਰੇ ਯਹੂਦਾਹ ਅਤੇ ਮਿਸਰ ਦੇ ਲੋਕੋ, ਯਾਹਵੇਹ ਦਾ ਬਚਨ ਸੁਣੋ।

25ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹੀ ਆਖਦਾ ਹੈ: ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਉਹੀ ਕੀਤਾ ਹੈ ਜੋ ਤੁਸੀਂ ਕਿਹਾ ਸੀ ਕਿ ਤੁਸੀਂ ਕਰੋਗੇ ਜਦੋਂ ਤੁਸੀਂ ਇਕਰਾਰ ਕੀਤਾ ਸੀ। “ਅਸੀਂ ਧੂਪ ਧੁਖਾਉਣ ਅਤੇ ਡੋਲ੍ਹਣ ਦੀਆਂ ਸੁੱਖਣਾਂ ਨੂੰ ਜ਼ਰੂਰ ਪੂਰਾ ਕਰਾਂਗੇ। ‘ਸਵਰਗ ਦੀ ਰਾਣੀ ਨੂੰ ਪੀਣ ਦੀ ਭੇਟ ਚੜ੍ਹਾਓ।’

26ਪਰ ਤੁਸੀਂ ਮਿਸਰ ਵਿੱਚ ਰਹਿੰਦੇ ਸਾਰੇ ਯਹੂਦੀਓ, ਯਾਹਵੇਹ ਦਾ ਬਚਨ ਸੁਣੋ: ‘ਮੈਂ ਆਪਣੇ ਮਹਾਨ ਨਾਮ ਦੀ ਸਹੁੰ ਖਾਂਦਾ ਹਾਂ,’ ਯਾਹਵੇਹ ਆਖਦਾ ਹੈ, ‘ਕਿ ਮਿਸਰ ਵਿੱਚ ਕਿਤੇ ਵੀ ਰਹਿਣ ਵਾਲੇ ਯਹੂਦਾਹ ਵਿੱਚੋਂ ਕੋਈ ਵੀ ਨਹੀਂ ਹੋਵੇਗਾ। ਦੁਬਾਰਾ ਮੇਰੇ ਨਾਮ ਦੀ ਪੁਕਾਰ ਕਰੋ ਜਾਂ ਸਹੁੰ ਖਾਓ, “ਜਿਵੇਂ ਕਿ ਸਰਬਸ਼ਕਤੀਮਾਨ ਯਾਹਵੇਹ ਜਿਉਂਦਾ ਹੈ।”

27ਕਿਉਂਕਿ ਮੈਂ ਉਹਨਾਂ ਨੂੰ ਨੁਕਸਾਨ ਦੇ ਲਈ ਦੇਖ ਰਿਹਾ ਹਾਂ, ਨਾ ਕਿ ਭਲਿਆਈ ਲਈ; ਮਿਸਰ ਵਿੱਚ ਯਹੂਦੀ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ ਜਦੋਂ ਤੱਕ ਉਹ ਸਾਰੇ ਨਾਸ਼ ਨਹੀਂ ਹੋ ਜਾਂਦੇ।

28ਜਿਹੜੇ ਲੋਕ ਤਲਵਾਰ ਤੋਂ ਬਚ ਕੇ ਮਿਸਰ ਤੋਂ ਯਹੂਦਾਹ ਦੀ ਧਰਤੀ ਨੂੰ ਮੁੜਨਗੇ ਬਹੁਤ ਘੱਟ ਹੋਣਗੇ। ਤਦ ਯਹੂਦਾਹ ਦੇ ਸਾਰੇ ਬਚੇ ਹੋਏ ਲੋਕ ਜੋ ਮਿਸਰ ਵਿੱਚ ਰਹਿਣ ਲਈ ਆਏ ਸਨ, ਜਾਣ ਲੈਣਗੇ ਕਿ ਕਿਸ ਦਾ ਬਚਨ ਖੜਾ ਹੋਵੇਗਾ, ਮੇਰਾ ਜਾਂ ਉਹਨਾਂ ਦਾ।

29“ ‘ਯਾਹਵੇਹ ਦਾ ਵਾਕ ਹੈ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਭਈ ਮੈਂ ਤੁਹਾਡੇ ਉੱਤੇ ਇਸੇ ਸਥਾਨ ਵਿੱਚ ਸਜ਼ਾ ਲਿਆਵਾਂਗਾ ਤਾਂ ਜੋ ਤੁਸੀਂ ਜਾਣ ਲਓ ਕਿ ਸੱਚ-ਮੁੱਚ ਬੁਰਿਆਈ ਲਈ ਮੇਰੀਆਂ ਗੱਲਾਂ ਤੁਹਾਡੇ ਵਿਰੁੱਧ ਕਾਇਮ ਰਹਿਣਗੀਆਂ।’

30ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਮੈਂ ਮਿਸਰ ਦੇ ਰਾਜੇ ਫ਼ਿਰਾਊਨ ਹਾਫ਼ਰਾ ਨੂੰ ਉਸਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪਣ ਜਾ ਰਿਹਾ ਹਾਂ ਜੋ ਉਸਨੂੰ ਮਾਰਨਾ ਚਾਹੁੰਦੇ ਹਨ, ਜਿਵੇਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦਿੱਤਾ ਜਿਹੜਾ ਉਸ ਦਾ ਵੈਰੀ ਅਤੇ ਉਹ ਦੀ ਜਾਨ ਦਾ ਗਾਹਕ ਸੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.