6ਇਸ ਲਈ, ਮੇਰਾ ਭਿਆਨਕ ਕ੍ਰੋਧ ਡੋਲ੍ਹਿਆ ਗਿਆ; ਇਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਦੇ ਵਿਰੁੱਧ ਭੜਕ ਉੱਠਿਆ ਅਤੇ ਉਹਨਾਂ ਨੂੰ ਵਿਰਾਨ ਖੰਡਰ ਬਣਾ ਦਿੱਤਾ ਜੋ ਉਹ ਅੱਜ ਹਨ।
7“ਹੁਣ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਅਤੇ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਆਪਣੇ ਲੋਕਾਂ ਨੂੰ ਕਾਲ ਵਿੱਚ ਤਬਾਹ ਕਰਨ ਲਈ ਤਿਆਰ ਹੋ, ਤਾਂ ਜੋ ਤੁਹਾਡੇ ਲਈ ਯਹੂਦਾਹ ਵਿੱਚ ਕੋਈ ਵੀ ਆਦਮੀ, ਔਰਤਾਂ, ਬੱਚੇ ਅਤੇ ਨਿਆਣੇ ਨਾ ਬਚੇ?
8ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ਼ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ।
9ਕੀ ਤੁਸੀਂ ਆਪਣੇ ਪੁਰਖਿਆਂ ਅਤੇ ਯਹੂਦਾਹ ਦੇ ਰਾਜਿਆਂ ਅਤੇ ਰਾਣੀਆਂ ਦੁਆਰਾ ਕੀਤੀ ਗਈ ਦੁਸ਼ਟਤਾ ਨੂੰ ਭੁੱਲ ਗਏ ਹੋ ਅਤੇ ਉਸ ਬੁਰਿਆਈ ਨੂੰ ਜੋ ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਯਹੂਦਾਹ ਦੇ ਦੇਸ਼ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀਤੀ ਸੀ?
10ਅੱਜ ਦੇ ਦਿਨ ਤੱਕ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ, ਨਾ ਸਤਿਕਾਰ ਕੀਤਾ, ਨਾ ਹੀ ਉਹਨਾਂ ਨੇ ਮੇਰੀ ਬਿਵਸਥਾ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜਿਨ੍ਹਾਂ ਨੂੰ ਮੈਂ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਦੇ ਅੱਗੇ ਰੱਖਿਆ ਹੈ।