4ਬਾਰ-ਬਾਰ ਮੈਂ ਆਪਣੇ ਸੇਵਕਾਂ ਨਬੀਆਂ ਨੂੰ ਭੇਜਿਆ, ਜਿਨ੍ਹਾਂ ਨੇ ਕਿਹਾ, ‘ਇਹ ਘਿਣਾਉਣੀ ਗੱਲ ਨਾ ਕਰੋ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ!’
5ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਉਹ ਆਪਣੀ ਦੁਸ਼ਟਤਾ ਤੋਂ ਨਹੀਂ ਮੁੜਿਆ ਅਤੇ ਨਾ ਹੀ ਦੂਜੇ ਦੇਵਤਿਆਂ ਲਈ ਧੂਪ ਧੁਖਾਉਣੀ ਬੰਦ ਕੀਤੀ।
6ਇਸ ਲਈ, ਮੇਰਾ ਭਿਆਨਕ ਕ੍ਰੋਧ ਡੋਲ੍ਹਿਆ ਗਿਆ; ਇਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਦੇ ਵਿਰੁੱਧ ਭੜਕ ਉੱਠਿਆ ਅਤੇ ਉਹਨਾਂ ਨੂੰ ਵਿਰਾਨ ਖੰਡਰ ਬਣਾ ਦਿੱਤਾ ਜੋ ਉਹ ਅੱਜ ਹਨ।
7“ਹੁਣ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਅਤੇ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਆਪਣੇ ਲੋਕਾਂ ਨੂੰ ਕਾਲ ਵਿੱਚ ਤਬਾਹ ਕਰਨ ਲਈ ਤਿਆਰ ਹੋ, ਤਾਂ ਜੋ ਤੁਹਾਡੇ ਲਈ ਯਹੂਦਾਹ ਵਿੱਚ ਕੋਈ ਵੀ ਆਦਮੀ, ਔਰਤਾਂ, ਬੱਚੇ ਅਤੇ ਨਿਆਣੇ ਨਾ ਬਚੇ?
8ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ਼ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ।