ਯਿਰਮਿਯਾਹ 47

1ਇਹ ਯਾਹਵੇਹ ਦਾ ਬਚਨ ਹੈ ਜੋ ਫ਼ਿਰਾਊਨ ਦੁਆਰਾ ਗਾਜ਼ਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਫ਼ਲਿਸਤੀਆਂ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

2ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਦੇਖੋ ਉੱਤਰ ਵਿੱਚ ਪਾਣੀ ਕਿਵੇਂ ਵੱਧ ਰਿਹਾ ਹੈ; ਉਹ ਇੱਕ ਵਹਿਣ ਵਾਲਾ ਪਾਣੀ ਬਣ ਜਾਵੇਗਾ। ਉਹ ਧਰਤੀ ਅਤੇ ਉਸ ਵਿੱਚ ਦੀ ਹਰ ਚੀਜ਼ ਨੂੰ, ਕਸਬਿਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਰ ਦੇਣਗੇ। ਲੋਕ ਪੁਕਾਰਨਗੇ; ਸਾਰੇ ਲੋਕ ਜਿਹੜੇ ਧਰਤੀ ਵਿੱਚ ਵੱਸਦੇ ਹਨ।

3ਘੋੜਿਆਂ ਦੇ ਖੁਰਾਂ ਦੀ ਆਵਾਜ਼ ਦੇ ਕਾਰਨ, ਉਸ ਦੇ ਰਥਾਂ ਦੀ ਆਵਾਜ਼ ਦੇ ਕਾਰਨ, ਉਹਨਾਂ ਦੇ ਪਹੀਆਂ ਦੀ ਗੜਗੜਾਹਟ ਦੇ ਕਾਰਨ, ਮਾਤਾ-ਪਿਤਾ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਨਹੀਂ ਮੁੜਨਗੇ; ਕਿਉਂਕਿ ਉਨ੍ਹਾਂ ਦੇ ਹੱਥ ਢਿੱਲੇ ਹੋ ਗਏ ਹਨ।

4ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ, ਅਤੇ ਸੂਰ ਅਤੇ ਸੀਦੋਨ ਵਿੱਚ ਹਰ ਬਚੇ ਹੋਏ ਸਹਾਇਕ ਨੂੰ ਤਬਾਹ ਕਰਨ ਦਾ ਦਿਨ ਆ ਗਿਆ ਹੈ। ਯਾਹਵੇਹ ਫ਼ਲਿਸਤੀਆਂ ਨੂੰ ਤਬਾਹ ਕਰਨ ਵਾਲਾ ਹੈ, ਅਤੇ ਕਫ਼ਤੋਰ ਦੇ ਤੱਟੀ ਖੇਤਰਾਂ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰਨ ਲਈ ਤਿਆਰ ਹਨ।

5ਗਾਜ਼ਾ ਸੋਗ ਵਿੱਚ ਆਪਣਾ ਸਿਰ ਮੁਨਾਵੇਗਾ; ਅਸ਼ਕਲੋਨ ਨੂੰ ਚੁੱਪ ਕਰ ਦਿੱਤਾ ਜਾਵੇਗਾ। ਤੁਸੀਂ ਮੈਦਾਨ ਵਿੱਚ ਬਚੇ ਹੋਏ ਹੋ, ਤੁਸੀਂ ਕਦ ਤੱਕ ਆਪਣੇ ਆਪ ਨੂੰ ਵੱਢੋਗੇ?

6“ ‘ਹਾਏ, ਯਾਹਵੇਹ ਦੀ ਤਲਵਾਰ, ਕਦੋਂ ਤੂੰ ਆਰਾਮ ਕਰੇਗੀ? ਆਪਣੇ ਮਿਆਨ ਵਿੱਚ ਵਾਪਸ ਆ; ਰੁਕ ਅਤੇ ਸ਼ਾਂਤ ਰਹਿ।’

7ਪਰ ਇਹ ਕਿਵੇਂ ਆਰਾਮ ਕਰ ਸਕਦੀ ਹੈ ਜਦੋਂ ਯਾਹਵੇਹ ਨੇ ਇਸਨੂੰ ਹੁਕਮ ਦਿੱਤਾ ਹੈ, ਜਦੋਂ ਉਸਨੇ ਇਸਨੂੰ ਅਸ਼ਕਲੋਨ ਅਤੇ ਤੱਟ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.