ਯਿਰਮਿਯਾਹ 38

1ਮੱਤਾਨ ਦੇ ਪੁੱਤਰ ਸ਼ਫਾਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੇ ਉਹ ਗੱਲਾਂ ਜਿਹੜੀਆਂ ਯਿਰਮਿਯਾਹ ਸਾਰੇ ਲੋਕਾਂ ਨੂੰ ਬੋਲਦਾ ਸੀ ਸੁਣੀਆਂ ਕਿ,

2“ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੋ ਕੋਈ ਵੀ ਇਸ ਸ਼ਹਿਰ ਵਿੱਚ ਰਹੇਗਾ ਉਹ ਤਲਵਾਰ, ਕਾਲ ਮਹਾਂਮਾਰੀ ਨਾਲ ਮਰ ਜਾਵੇਗਾ, ਪਰ ਜੋ ਕੋਈ ਕਸਦੀਆਂ ਵੱਲ ਜਾਵੇਗਾ ਉਹ ਜੀਉਂਦਾ ਰਹੇਗਾ। ਉਹ ਆਪਣੀਆਂ ਜਾਨਾਂ ਲੈ ਕੇ ਬਚ ਜਾਣਗੇ; ਉਹ ਜਿਉਂਦੇ ਰਹਿਣਗੇ।’

3ਅਤੇ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਹ ਸ਼ਹਿਰ ਜ਼ਰੂਰ ਬਾਬੇਲ ਦੇ ਰਾਜੇ ਦੀ ਫ਼ੌਜ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ, ਉਹ ਇਸ ਉੱਤੇ ਕਬਜ਼ਾ ਕਰ ਲੈਣਗੇ।’ ”

4ਤਦ ਅਧਿਕਾਰੀਆਂ ਨੇ ਰਾਜੇ ਨੂੰ ਕਿਹਾ, “ਇਸ ਆਦਮੀ ਨੂੰ ਮਾਰਿਆ ਜਾਣਾ ਚਾਹੀਦਾ ਹੈ। ਉਹ ਉਹਨਾਂ ਸਿਪਾਹੀਆਂ ਨੂੰ ਜੋ ਇਸ ਸ਼ਹਿਰ ਵਿੱਚ ਰਹਿ ਗਏ ਸਨ, ਅਤੇ ਨਾਲ ਹੀ ਸਾਰੇ ਲੋਕਾਂ ਨੂੰ ਉਹਨਾਂ ਗੱਲਾਂ ਦੁਆਰਾ ਨਿਰਾਸ਼ ਕਰ ਰਿਹਾ ਹੈ ਜੋ ਉਹ ਉਹਨਾਂ ਨੂੰ ਕਹਿ ਰਿਹਾ ਹੈ। ਇਹ ਬੰਦਾ ਇਹਨਾਂ ਲੋਕਾਂ ਦਾ ਭਲਾ ਨਹੀਂ ਸਗੋਂ ਉਹਨਾਂ ਦੀ ਬਰਬਾਦੀ ਚਾਹੁੰਦਾ ਹੈ।”

5ਅੱਗੋਂ ਸਿਦਕੀਯਾਹ ਰਾਜਾ ਨੇ ਆਖਿਆ, ਵੇਖੋ, ਇਹ ਤੁਹਾਡੇ ਹੱਥ ਵਿੱਚ ਹੈ, “ਅਤੇ ਰਾਜਾ ਮੈਂ ਤੁਹਾਡੇ ਵਿਰੁੱਧ ਕੁਝ ਨਹੀਂ ਕਰਾਂਗਾ।”

6ਇਸ ਲਈ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਉਸ ਦੀ ਕੋਠੜੀ ਵਿੱਚੋਂ ਲਿਆ ਅਤੇ ਜੇਲ੍ਹ ਦੇ ਵਿਹੜੇ ਵਿੱਚ ਇੱਕ ਖਾਲੀ ਟੋਏ ਵਿੱਚ ਰੱਸੀਆਂ ਨਾਲ ਹੇਠਾਂ ਉਤਾਰ ਦਿੱਤਾ। ਇਹ ਸ਼ਾਹੀ ਪਰਿਵਾਰ ਦੇ ਮੈਂਬਰ ਮਲਕੀਯਾਹ ਦਾ ਸੀ। ਇਸ ਵਿੱਚ ਪਾਣੀ ਨਹੀਂ ਸੀ, ਸਿਰਫ ਚਿੱਕੜ ਸੀ, ਅਤੇ ਯਿਰਮਿਯਾਹ ਚਿੱਕੜ ਵਿੱਚ ਖੁੱਭ ਗਿਆ।

7ਪਰ ਅਬਦ-ਮਲਕ, ਇੱਕ ਕੂਸ਼ੀ, ਜੋ ਸ਼ਾਹੀ ਮਹਿਲ ਵਿੱਚ ਇੱਕ ਅਧਿਕਾਰੀ ਸੀ, ਸੁਣਿਆ ਕਿ ਉਹਨਾਂ ਨੇ ਯਿਰਮਿਯਾਹ ਨੂੰ ਟੋਏ ਵਿੱਚ ਪਾ ਦਿੱਤਾ ਹੈ। ਅਤੇ ਜਦੋਂ ਰਾਜਾ ਬਿਨਯਾਮੀਨ ਦੇ ਦਰਵਾਜ਼ੇ ਵਿੱਚ ਬੈਠਾ ਹੋਇਆ ਸੀ,

8ਤਦ ਅਬਦ-ਮਲਕ ਮਹਿਲ ਤੋਂ ਬਾਹਰ ਗਿਆ ਅਤੇ ਰਾਜੇ ਨੂੰ ਆਖਿਆ,

9“ਮੇਰੇ ਮਹਾਰਾਜ ਪਾਤਸ਼ਾਹ, ਇਨ੍ਹਾਂ ਮਨੁੱਖਾਂ ਨੇ ਯਿਰਮਿਯਾਹ ਨਬੀ ਨਾਲ ਜੋ ਕੁਝ ਕੀਤਾ ਹੈ ਉਹ ਸਭ ਬੁਰਿਆਈ ਨਾਲ ਕੀਤਾ ਹੈ। ਉਹਨਾਂ ਨੇ ਉਸਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ ਹੈ, ਜਿੱਥੇ ਉਹ ਭੁੱਖਾ ਮਰ ਜਾਵੇਗਾ, ਕਿਉਂਕਿ ਸ਼ਹਿਰ ਵਿੱਚ ਲਗਭਗ ਸਾਰੀਆਂ ਰੋਟੀਆਂ ਖਤਮ ਹੋ ਗਈਆਂ ਹਨ।”

10ਤਦ ਰਾਜੇ ਨੇ ਕੂਸ਼ੀ ਅਬਦ-ਮਲਕ ਨੂੰ ਹੁਕਮ ਦਿੱਤਾ, “ਇੱਥੋਂ ਆਪਣੇ ਨਾਲ ਤੀਹ ਆਦਮੀਆਂ ਨੂੰ ਲੈ ਜਾ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਟੋਏ ਵਿੱਚੋਂ ਬਾਹਰ ਕੱਢ ਲੈ।”

11ਇਸ ਲਈ ਅਬਦ-ਮਲਕ ਆਦਮੀਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਮਹਿਲ ਦੇ ਖ਼ਜ਼ਾਨੇ ਦੇ ਹੇਠਾਂ ਇੱਕ ਕਮਰੇ ਵਿੱਚ ਗਿਆ। ਉਸ ਨੇ ਉੱਥੋਂ ਕੁਝ ਪੁਰਾਣੇ ਚੀਥੜੇ ਅਤੇ ਫਟੇ ਹੋਏ ਕੱਪੜੇ ਲਏ ਅਤੇ ਉਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਨੂੰ ਟੋਏ ਵਿੱਚ ਉਤਾਰ ਦਿੱਤਾ।

12ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਕਿਹਾ, “ਇਹ ਪੁਰਾਣੇ ਚੀਥੜੇ ਅਤੇ ਫਟੇ ਹੋਏ ਕੱਪੜਿਆਂ ਨੂੰ ਰੱਸੀਆਂ ਨਾਲ ਬੰਨ੍ਹਣ ਲਈ ਆਪਣੀਆਂ ਬਾਹਾਂ ਦੇ ਹੇਠਾਂ ਰੱਖੋ।” ਸੋ ਯਿਰਮਿਯਾਹ ਨੇ ਅਜਿਹਾ ਹੀ ਕੀਤਾ,

13ਅਤੇ ਉਹਨਾਂ ਨੇ ਉਸ ਨੂੰ ਰੱਸੀਆਂ ਨਾਲ ਖਿੱਚਿਆ ਅਤੇ ਟੋਏ ਵਿੱਚੋਂ ਬਾਹਰ ਕੱਢਿਆ। ਅਤੇ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਰਿਹਾ।

14ਤਦ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨਬੀ ਨੂੰ ਬੁਲਾਇਆ ਅਤੇ ਉਸਨੂੰ ਯਾਹਵੇਹ ਦੇ ਭਵਨ ਦੇ ਤੀਜੇ ਪ੍ਰਵੇਸ਼ ਦੁਆਰ ਤੇ ਲਿਆਏ। ਰਾਜੇ ਨੇ ਯਿਰਮਿਯਾਹ ਨੂੰ ਕਿਹਾ, “ਮੈਂ ਤੈਥੋਂ ਕੁਝ ਪੁੱਛਣ ਜਾ ਰਿਹਾ ਹਾਂ। ਮੇਰੇ ਤੋਂ ਕੁਝ ਨਾ ਲੁਕਾਓ।”

15ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਜੇ ਮੈਂ ਤੈਨੂੰ ਦੱਸਾਂ ਤਾਂ ਕੀ ਤੂੰ ਜ਼ਰੂਰ ਮੈਨੂੰ ਨਾ ਮਾਰੇਂਗਾ? “ਅਤੇ ਜੇ ਮੈਂ ਤੈਨੂੰ ਸਲਾਹ ਦਿਆਂ ਤਾਂ ਤੂੰ ਮੇਰੀ ਨਾ ਸੁਣੇਂਗਾ।”

16ਪਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਗੁਪਤ ਰੂਪ ਵਿੱਚ ਇਹ ਸਹੁੰ ਖਾਧੀ: “ਜਿਉਂਦਾ ਯਾਹਵੇਹ ਦੀ ਸਹੁੰ, ਜਿਸ ਨੇ ਸਾਨੂੰ ਸਾਹ ਦਿੱਤਾ ਹੈ, ਮੈਂ ਨਾ ਤਾਂ ਤੈਨੂੰ ਮਾਰਾਂਗਾ ਅਤੇ ਨਾ ਹੀ ਤੈਨੂੰ ਉਹਨਾਂ ਦੇ ਹਵਾਲੇ ਕਰਾਂਗਾ ਜਿਹੜੇ ਤੈਨੂੰ ਮਾਰਨਾ ਚਾਹੁੰਦੇ ਹਨ।”

17ਫਿਰ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, “ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ‘ਜੇਕਰ ਤੂੰ ਬਾਬੇਲ ਦੇ ਰਾਜੇ ਦੇ ਅਧਿਕਾਰੀਆਂ ਦੇ ਅੱਗੇ ਸਮਰਪਣ ਕਰ ਦੇਵੇਂ, ਤਾਂ ਤੇਰੀ ਜਾਨ ਅਤੇ ਤੇਰੇ ਬਚ ਪਰਿਵਾਰ ਦੀ ਜਾਨ ਬਚ ਜਾਵੇਗੀ ਅਤੇ ਸ਼ਹਿਰ ਨੂੰ ਸੜਿਆ ਨਹੀਂ ਜਾਵੇਗਾ।

18ਪਰ ਜੇ ਤੁਸੀਂ ਬਾਬੇਲ ਦੇ ਰਾਜੇ ਦੇ ਅਫ਼ਸਰਾਂ ਅੱਗੇ ਸਮਰਪਣ ਨਹੀਂ ਕਰੋਗੇ, ਤਾਂ ਇਹ ਸ਼ਹਿਰ ਬਾਬੇਲ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਅਤੇ ਉਹ ਇਸਨੂੰ ਸਾੜ ਦੇਣਗੇ ਅਤੇ ਤੁਸੀਂ ਵੀ ਉਨ੍ਹਾਂ ਦੇ ਹੱਥੋਂ ਨਹੀਂ ਬਚ ਸਕੋਗੇ।’ ”

19ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਕਿਹਾ, “ਮੈਂ ਉਹਨਾਂ ਯਹੂਦੀਆਂ ਤੋਂ ਡਰਦਾ ਹਾਂ ਜਿਹੜੇ ਕਸਦੀਆਂ ਦੇ ਕੋਲ ਗਏ ਹਨ, ਕਿਉਂਕਿ ਕਸਦੀ ਮੈਨੂੰ ਉਹਨਾਂ ਦੇ ਹਵਾਲੇ ਕਰ ਦੇਣਗੇ ਅਤੇ ਉਹ ਮੇਰੇ ਨਾਲ ਬਦਸਲੂਕੀ ਕਰਨਗੇ।”

20ਯਿਰਮਿਯਾਹ ਨੇ ਜਵਾਬ ਦਿੱਤਾ, “ਉਹ ਤੈਨੂੰ ਉਹਨਾਂ ਦੇ ਹਵਾਲੇ ਨਹੀਂ ਕਰਨਗੇ, ਜੋ ਮੈਂ ਤੁਹਾਨੂੰ ਦੱਸਦਾ ਹਾਂ ਉਹ ਕਰ ਕੇ ਯਾਹਵੇਹ ਦਾ ਹੁਕਮ ਮੰਨੋ। ਤਦ ਇਹ ਤੁਹਾਡੇ ਨਾਲ ਚੰਗਾ ਹੋਵੇਗਾ, ਅਤੇ ਤੁਹਾਡੀ ਜਾਨ ਬਚ ਜਾਵੇਗੀ।

21ਪਰ ਜੇ ਤੁਸੀਂ ਸਮਰਪਣ ਕਰਨ ਤੋਂ ਇਨਕਾਰ ਕਰਦੇ ਹੋ, ਤਾਂ ਯਾਹਵੇਹ ਨੇ ਮੈਨੂੰ ਇਹ ਪ੍ਰਗਟ ਕੀਤਾ ਹੈ।

22ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਗਈਆਂ ਸਾਰੀਆਂ ਔਰਤਾਂ ਨੂੰ ਬਾਬੇਲ ਦੇ ਰਾਜੇ ਦੇ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਉਹ ਔਰਤਾਂ ਕਹਿਣਗੀਆਂ: “ ‘ਤੇਰੇ ਆਪਣੇ ਭਰੋਸੇਮੰਦ ਦੋਸਤ ਨੇ ਤੈਨੂੰ ਗੁਮਰਾਹ ਕੀਤਾ, ਅਤੇ ਤੈਨੂੰ ਦੁਬਾ ਲਿਆ। ਤੇਰੇ ਪੈਰ ਚਿੱਕੜ ਵਿੱਚ ਡੁੱਬ ਗਏ ਹਨ। ਤੁਹਾਡੇ ਦੋਸਤਾਂ ਨੇ ਤੁਹਾਨੂੰ ਛੱਡ ਦਿੱਤਾ ਹੈ।’

23“ਤੁਹਾਡੀਆਂ ਸਾਰੀਆਂ ਪਤਨੀਆਂ ਅਤੇ ਬੱਚਿਆਂ ਨੂੰ ਕਸਦੀਆਂ ਕੋਲ ਲਿਆਂਦਾ ਜਾਵੇਗਾ। ਤੂੰ ਆਪ ਉਹਨਾਂ ਦੇ ਹੱਥੋਂ ਨਹੀਂ ਬਚੇਗਾ ਪਰ ਬਾਬੇਲ ਦੇ ਰਾਜੇ ਦੁਆਰਾ ਫੜ ਲਿਆ ਜਾਵੇਗਾ; ਅਤੇ ਇਹ ਸ਼ਹਿਰ ਸਾੜ ਦਿੱਤਾ ਜਾਵੇਗਾ।”

24ਫਿਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਇਸ ਗੱਲਬਾਤ ਬਾਰੇ ਕਿਸੇ ਨੂੰ ਪਤਾ ਨਾ ਲੱਗੇ, ਨਹੀਂ ਤਾਂ ਤੁਸੀਂ ਮਰ ਜਾਵੋਂਗੇ।

25ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਉਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਸਾਨੂੰ ਜ਼ਰਾ ਦੱਸ ਤਾਂ, ਤੂੰ ਰਾਜਾ ਨਾਲ ਕੀ ਗੱਲਾਂ ਕੀਤੀਆਂ ਹਨ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਰਾਂਗੇ। ਰਾਜਾ ਤੈਨੂੰ ਕੀ ਬੋਲਿਆ ਹੈ,

26ਤਦ ਤੂੰ ਉਹਨਾਂ ਨੂੰ ਆਖਣਾ, ‘ਮੈਂ ਰਾਜੇ ਨੂੰ ਬੇਨਤੀ ਕੀਤੀ ਸੀ ਕਿ ਉਹ ਮੈਨੂੰ ਯੋਨਾਥਾਨ ਦੇ ਘਰ ਵਾਪਸ ਨਾ ਭੇਜੇ ਤਾਂ ਜੋ ਮੈਂ ਉੱਥੇ ਮਰ ਨਾ ਜਾਵਾਂ।’ ”

27ਸਾਰੇ ਅਧਿਕਾਰੀ ਯਿਰਮਿਯਾਹ ਕੋਲ ਆਏ ਅਤੇ ਉਸਨੂੰ ਸਵਾਲ ਕੀਤਾ ਅਤੇ ਉਸਨੇ ਉਹਨਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਰਾਜੇ ਨੇ ਉਸਨੂੰ ਕਹਿਣ ਦਾ ਹੁਕਮ ਦਿੱਤਾ ਸੀ। ਇਸ ਲਈ ਉਹਨਾਂ ਨੇ ਉਸ ਨੂੰ ਹੋਰ ਨਾ ਕਿਹਾ ਕਿਉਂ ਜੋ ਕਿਸੇ ਨੇ ਉਸ ਦੀ ਗੱਲ ਰਾਜੇ ਨਾਲ ਨਹੀਂ ਸੁਣੀ ਸੀ।

28ਅਤੇ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਉਸ ਦਿਨ ਤੱਕ ਟਿਕਿਆਂ ਰਿਹਾ ਜਦੋਂ ਤੱਕ ਯੇਰੂਸ਼ਲੇਮ ਉੱਤੇ ਕਬਜ਼ਾ ਨਹੀਂ ਕੀਤਾ ਗਿਆ। ਯੇਰੂਸ਼ਲੇਮ ਨੂੰ ਇਸ ਤਰ੍ਹਾਂ ਲਿਆ ਗਿਆ ਸੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.