ਯਿਰਮਿਯਾਹ 37

1ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯਹੂਦਾਹ ਦਾ ਰਾਜਾ ਬਣਾਇਆ ਗਿਆ ਸੀ; ਉਸਨੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨਾ ਦੀ ਥਾਂ ਰਾਜ ਕੀਤਾ।

2ਨਾ ਤਾਂ ਉਸ ਨੇ, ਨਾ ਉਸ ਦੇ ਸੇਵਾਦਾਰਾਂ ਨੇ ਅਤੇ ਨਾ ਹੀ ਦੇਸ਼ ਦੇ ਲੋਕਾਂ ਨੇ ਉਹਨਾਂ ਸ਼ਬਦਾਂ ਵੱਲ ਧਿਆਨ ਦਿੱਤਾ ਜੋ ਯਾਹਵੇਹ ਨੇ ਨਬੀ ਯਿਰਮਿਯਾਹ ਦੁਆਰਾ ਕਹੇ ਸਨ।

3ਹਾਲਾਂਕਿ, ਰਾਜਾ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨੂੰ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਦੇ ਨਾਲ ਯਿਰਮਿਯਾਹ ਨਬੀ ਕੋਲ ਇਸ ਸੰਦੇਸ਼ ਦੇ ਨਾਲ ਭੇਜਿਆ: “ਕਿਰਪਾ ਕਰਕੇ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ।”

4ਯਿਰਮਿਯਾਹ ਲੋਕਾਂ ਵਿੱਚ ਅੰਦਰ-ਬਾਹਰ ਆਉਂਦਾ ਜਾਂਦਾ ਸੀ ਅਤੇ ਉਹਨਾਂ ਨੇ ਉਹ ਨੂੰ ਅਜੇ ਕੈਦ ਵਿੱਚ ਨਹੀਂ ਸੀ ਪਾਇਆ।

5ਫ਼ਿਰਾਊਨ ਦੀ ਫ਼ੌਜ ਮਿਸਰ ਵਿੱਚੋਂ ਨਿੱਕਲ ਚੁੱਕੀ ਸੀ ਅਤੇ ਜਦ ਯੇਰੂਸ਼ਲੇਮ ਨੂੰ ਘੇਰਾ ਪਾਉਣ ਵਾਲੇ ਕਸਦੀਆਂ ਨੇ ਉਹਨਾਂ ਦੀ ਖ਼ਬਰ ਸੁਣੀ ਤਾਂ ਉਹ ਯੇਰੂਸ਼ਲੇਮ ਤੋਂ ਤੁਰ ਪਏ।

6ਤਦ ਯਾਹਵੇਹ ਦਾ ਬਚਨ ਯਿਰਮਿਯਾਹ ਨਬੀ ਕੋਲ ਆਇਆ:

7“ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਯਹੂਦਾਹ ਦੇ ਰਾਜੇ ਨੂੰ ਦੱਸ, ਜਿਸ ਨੇ ਤੁਹਾਨੂੰ ਮੇਰੇ ਕੋਲ ਮੇਰੇ ਬਚਨ ਦੱਸਣ ਲਈ ਭੇਜਿਆ ਹੈ, ਤੈਨੂੰ ਦੇਖਣਾ ਚਾਹੀਦਾ ਹੈ, ‘ਕਿ ਫ਼ਿਰਾਊਨ ਦੀ ਫ਼ੌਜ ਜੋ ਤੁਹਾਡੀ ਮਦਦ ਕਰਨ ਲਈ ਆਈ ਹੈ ਉਹ ਆਪਣੇ ਦੇਸ਼ ਮਿਸਰ ਨੂੰ ਪਰਤ ਜਾਵੇਗੀ।

8ਫਿਰ ਕਸਦੀ ਵਾਪਸ ਆਉਣਗੇ ਅਤੇ ਇਸ ਸ਼ਹਿਰ ਉੱਤੇ ਹਮਲਾ ਕਰਨਗੇ। ਉਹ ਇਸ ਨੂੰ ਫੜ ਕੇ ਸਾੜ ਦੇਣਗੇ।’

9“ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਆਪਣੀਆਂ ਜਾਨਾਂ ਨੂੰ ਇਹ ਆਖ ਕੇ ਧੋਖਾ ਨਾ ਦਿਓ ਕਿ ਕਸਦੀ ਸੱਚ-ਮੁੱਚ ਸਾਡੇ ਕੋਲੋਂ ਚੱਲੇ ਜਾਣਗੇ। ਉਹ ਤਾਂ ਨਾ ਜਾਣਗੇ!

10ਭਾਵੇਂ ਤੁਸੀਂ ਬਾਬੇਲ ਦੀ ਉਸ ਸਾਰੀ ਫ਼ੌਜ ਨੂੰ ਹਰਾਉਣ ਦੇ ਯੋਗ ਸੀ, ਜਿਹੜੀ ਤੁਹਾਡੇ ਉੱਤੇ ਹਮਲਾ ਕਰ ਰਹੀ ਹੈ, ਪਰ ਤਾਂ ਵੀ ਕੁਝ ਜ਼ਖਮੀ ਬੰਦੇ ਉਨ੍ਹਾਂ ਦੇ ਤੰਬੂਆਂ ਵਿੱਚ ਬਚੇ ਰਹਿਣਗੇ। ਉਹ ਕੁਝ ਜ਼ਖਮੀ ਬੰਦੇ ਵੀ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਯੇਰੂਸ਼ਲੇਮ ਨਗਰ ਨੂੰ ਸਾੜ ਸੁੱਟਣਗੇ।”

11ਤਾਂ ਇਸ ਤਰ੍ਹਾਂ ਹੋਇਆ ਕਿ ਜਦ ਕਸਦੀਆਂ ਦੀ ਸਾਰੀ ਫੌਜ ਫ਼ਿਰਾਊਨ ਦੀ ਫੌਜ ਦੇ ਅੱਗੋਂ ਯੇਰੂਸ਼ਲੇਮ ਤੋਂ ਚਲੀ ਗਈ ਸੀ,

12ਯਿਰਮਿਯਾਹ ਸ਼ਹਿਰ ਛੱਡ ਕੇ ਬਿਨਯਾਮੀਨ ਦੇ ਇਲਾਕੇ ਵਿੱਚ ਜਾਣ ਲੱਗਾ ਤਾਂ ਜੋ ਉੱਥੇ ਦੇ ਲੋਕਾਂ ਵਿੱਚ ਆਪਣੀ ਜਾਇਦਾਦ ਦਾ ਹਿੱਸਾ ਪ੍ਰਾਪਤ ਕੀਤਾ ਜਾ ਸਕੇ।

13ਜਦ ਉਹ ਬਿਨਯਾਮੀਨ ਦੇ ਫਾਟਕ ਉੱਤੇ ਆਇਆ ਤਾਂ ਉੱਥੇ ਪਹਿਰੇਦਾਰਾਂ ਦੇ ਕਪਤਾਨ ਨੇ ਜਿਹ ਦਾ ਨਾਮ ਇਰੀਯਾਹ ਸੀ ਜੋ ਹਨਨਯਾਹ ਦਾ ਪੋਤਾ ਅਤੇ ਸ਼ਲਮਯਾਹ ਦਾ ਪੁੱਤਰ ਸੀ ਯਿਰਮਿਯਾਹ ਨਬੀ ਨੂੰ ਇਹ ਆਖ ਕੇ ਫੜ ਲਿਆ ਕਿ ਯਿਰਮਿਯਾਹ “ਤੂੰ ਸਾਨੂੰ ਛੱਡ ਕੇ ਕਸਦੀਆਂ ਨਾਲ ਰਲਣ ਲਈ ਜਾ ਰਿਹਾ ਹੈ!”

14ਯਿਰਮਿਯਾਹ ਨੇ ਕਿਹਾ, “ਇਹ ਸੱਚ ਨਹੀਂ ਹੈ! ਮੈਂ ਕਸਦੀਆਂ ਨਾਲ ਰਲਣ ਜਾ ਰਿਹਾ ਹੈ।” ਪਰ ਇਰੀਯਾਹ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਦੀ ਬਜਾਏ, ਉਸਨੇ ਯਿਰਮਿਯਾਹ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸਨੂੰ ਅਧਿਕਾਰੀਆਂ ਕੋਲ ਲੈ ਆਇਆ।

15ਉਹ ਯਿਰਮਿਯਾਹ ਨਾਲ ਨਾਰਾਜ਼ ਸਨ ਅਤੇ ਉਹਨਾਂ ਨੇ ਉਸ ਨੂੰ ਕੁੱਟਿਆ ਅਤੇ ਯੋਨਾਥਾਨ ਲਿਖਾਰੀ ਦੇ ਘਰ ਵਿੱਚ ਕੈਦ ਕਰ ਦਿੱਤਾ, ਜਿਸ ਨੂੰ ਉਹਨਾਂ ਨੇ ਜੇਲ੍ਹ ਬਣਾ ਦਿੱਤਾ ਸੀ।

16ਯਿਰਮਿਯਾਹ ਨੂੰ ਇੱਕ ਕੋਠੜੀ ਵਿੱਚ ਰੱਖਿਆ ਗਿਆ ਸੀ, ਜਿੱਥੇ ਉਹ ਲੰਮਾ ਸਮਾਂ ਰਿਹਾ।

17ਤਦ ਰਾਜੇ ਸਿਦਕੀਯਾਹ ਨੇ ਉਸਨੂੰ ਬੁਲਾਇਆ ਅਤੇ ਉਸਨੂੰ ਮਹਿਲ ਵਿੱਚ ਲਿਆਇਆ, ਜਿੱਥੇ ਉਸਨੇ ਉਸਨੂੰ ਇਕਾਂਤ ਵਿੱਚ ਪੁੱਛਿਆ, “ਕੀ ਯਾਹਵੇਹ ਤੋਂ ਕੋਈ ਬਚਨ ਹੈ?” ਯਿਰਮਿਯਾਹ ਨੇ ਜਵਾਬ ਦਿੱਤਾ, “ਹਾਂ, ਤੂੰ ਕਸਦੀਆਂ ਦੇ ਰਾਜੇ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ।”

18ਤਦ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਮੈਂ ਤੇਰੇ ਜਾਂ ਤੇਰੇ ਸੇਵਕਾਂ ਜਾਂ ਇਸ ਲੋਕਾਂ ਦੇ ਵਿਰੁੱਧ ਕੀ ਅਪਰਾਧ ਕੀਤਾ ਹੈ ਜੋ ਤੂੰ ਮੈਨੂੰ ਕੈਦ ਵਿੱਚ ਪਾ ਦਿੱਤਾ ਹੈ?

19ਤੁਹਾਡੇ ਨਬੀ ਕਿੱਥੇ ਹਨ ਜਿਨ੍ਹਾਂ ਨੇ ਤੁਹਾਡੇ ਲਈ ਭਵਿੱਖਬਾਣੀ ਕੀਤੀ ਸੀ, ‘ਬਾਬੇਲ ਦਾ ਰਾਜਾ ਤੁਹਾਡੇ ਉੱਤੇ ਜਾਂ ਇਸ ਧਰਤੀ ਉੱਤੇ ਹਮਲਾ ਨਹੀਂ ਕਰੇਗਾ’?

20ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਜ਼ਰਾ ਮੇਰੀ ਸੁਣ ਅਤੇ ਮੇਰੀ ਬੇਨਤੀ ਤੇਰੇ ਹਜ਼ੂਰ ਕਬੂਲ ਹੋਵੇ। ਤੂੰ ਮੈਨੂੰ ਯੋਨਾਥਾਨ ਲਿਖਾਰੀ ਦੇ ਘਰ ਮੁੜ ਕੇ ਨਾ ਘੱਲੀਂ ਭਈ ਮੈਂ ਕੀਤੇ ਉੱਥੇ ਮਰ ਨਾ ਜਾਂਵਾਂ।”

21ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿੱਚ ਰੱਖਣ ਦਾ ਹੁਕਮ ਦਿੱਤਾ ਅਤੇ ਹਰ ਰੋਜ਼ ਪਕਵਾਨਾਂ ਦੀ ਗਲੀ ਵਿੱਚੋਂ ਇੱਕ ਰੋਟੀ ਦਿੱਤੀ ਜਦੋਂ ਤੱਕ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਖਤਮ ਨਹੀਂ ਹੋ ਜਾਂਦੀਆਂ। ਇਸ ਲਈ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਹੀ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.