9ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ: ਮੈਂ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਅਤੇ ਤੁਹਾਡੇ ਦਿਨਾਂ ਵਿੱਚ ਇਸ ਸਥਾਨ ਵਿੱਚ ਅਨੰਦ ਅਤੇ ਖੁਸ਼ੀ ਦੀਆਂ ਆਵਾਜ਼ਾਂ ਅਤੇ ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ।
10“ਜਦੋਂ ਤੂੰ ਸਭ ਕੁਝ ਇਨ੍ਹਾਂ ਲੋਕਾਂ ਨੂੰ ਦੱਸੇਗਾ ਅਤੇ ਉਹ ਤੈਨੂੰ ਪੁੱਛਣਗੇ, ‘ਯਾਹਵੇਹ ਨੇ ਸਾਡੇ ਵਿਰੁੱਧ ਇੰਨੀ ਵੱਡੀ ਤਬਾਹੀ ਕਿਉਂ ਸੁਣਾਈ ਹੈ? ਅਸੀਂ ਕੀ ਗਲਤ ਕੀਤਾ ਹੈ? ਅਸੀਂ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀ ਪਾਪ ਕੀਤਾ ਹੈ?’
11ਫਿਰ ਉਹਨਾਂ ਨੂੰ ਆਖੋ, ਯਾਹਵੇਹ ਇਹ ਆਖਦਾ ਹੈ, ‘ਇਹ ਇਸ ਲਈ ਹੈ ਕਿਉਂਕਿ ਤੁਹਾਡੇ ਪੁਰਖਿਆਂ ਨੇ ਮੈਨੂੰ ਤਿਆਗ ਦਿੱਤਾ ਸੀ ਅਤੇ ਹੋਰ ਦੇਵਤਿਆਂ ਦੇ ਪਿੱਛੇ ਚੱਲੇ ਅਤੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਦੀ ਪੂਜਾ ਕੀਤੀ। ਉਹਨਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਨੂੰ ਨਹੀਂ ਮੰਨਿਆ।
12ਪਰ ਤੁਸੀਂ ਆਪਣੇ ਪੁਰਖਿਆਂ ਨਾਲੋਂ ਵੀ ਵੱਧ ਦੁਸ਼ਟਤਾ ਕੀਤੀ। ਵੇਖੋ ਕਿਵੇਂ ਤੁਸੀਂ ਸਾਰੇ ਮੇਰੀ ਗੱਲ ਮੰਨਣ ਦੀ ਬਜਾਏ ਆਪਣੇ ਦੁਸ਼ਟ ਦਿਲਾਂ ਦੀ ਜ਼ਿੱਦ ਤੇ ਚੱਲ ਰਹੇ ਹੋ।
13ਇਸ ਲਈ ਮੈਂ ਤੁਹਾਨੂੰ ਇਸ ਧਰਤੀ ਤੋਂ ਬਾਹਰ ਉਸ ਦੇਸ਼ ਵਿੱਚ ਸੁੱਟ ਦਿਆਂਗਾ, ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ ਅਤੇ ਉੱਥੇ ਤੁਸੀਂ ਦਿਨ-ਰਾਤ ਹੋਰ ਦੇਵਤਿਆਂ ਦੀ ਉਪਾਸਨਾ ਕਰੋਗੇ, ਕਿਉਂਕਿ ਮੈਂ ਤੁਹਾਡੇ ਉੱਤੇ ਕੋਈ ਕਿਰਪਾ ਨਹੀਂ ਕਰਾਂਗਾ।’ ”