1ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਇਸ ਸਥਾਨ ਵਿੱਚ ਨਾ ਤੂੰ ਵਿਆਹ ਕਰਨਾ ਅਤੇ ਨਾ ਹੀ ਤੇਰੇ ਪੁੱਤਰਾਂ ਧੀਆਂ ਹੋਣ।”
3ਕਿਉਂਕਿ ਇਸ ਧਰਤੀ ਵਿੱਚ ਪੈਦਾ ਹੋਏ ਪੁੱਤਰਾਂ ਅਤੇ ਧੀਆਂ ਬਾਰੇ ਅਤੇ ਉਹਨਾਂ ਔਰਤਾਂ ਬਾਰੇ ਜੋ ਉਹਨਾਂ ਦੀਆਂ ਮਾਵਾਂ ਹਨ ਅਤੇ ਉਹਨਾਂ ਮਰਦਾਂ ਬਾਰੇ ਜੋ ਉਹਨਾਂ ਦੇ ਪਿਤਾ ਹਨ, ਯਾਹਵੇਹ ਇਸ ਬਾਰੇ ਆਖਦਾ ਹੈ:
4“ਉਹ ਮਾਰੂ ਬਿਮਾਰੀਆਂ ਨਾਲ ਮਰ ਜਾਣਗੇ। ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ ਸਗੋਂ ਜ਼ਮੀਨ ਉੱਤੇ ਪਈ ਹੋਈ ਰੂੜੀ ਵਾਂਗ ਹੋਣਗੇ। ਉਹ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ, ਅਤੇ ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।”
5ਕਿਉਂਕਿ ਯਾਹਵੇਹ ਇਹ ਕਹਿੰਦਾ ਹੈ: “ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ, ਕਿਉਂਕਿ ਮੈਂ ਇਨ੍ਹਾਂ ਲੋਕਾਂ ਤੋਂ ਆਪਣੀ ਸ਼ਾਂਤੀ, ਆਪਣਾ ਪਿਆਰ ਅਤੇ ਆਪਣੀ ਦਯਾ ਵਾਪਸ ਲੈ ਲਿਆ ਹੈ,” ਯਾਹਵੇਹ ਦਾ ਵਾਕ ਹੈ।