1ਯਾਹਵੇਹ ਨੇ ਯਿਰਮਿਯਾਹ ਨੂੰ ਇੱਕ ਸੰਦੇਸ਼ ਦਿੱਤਾ ਜਦੋਂ ਪਹਿਰੇਦਾਰਾਂ ਦੇ ਕਪਤਾਨ ਨਬੂਜ਼ਰਦਾਨ ਨੇ ਉਸਨੂੰ ਰਾਮਾਹ ਵਿੱਚ ਛੱਡ ਦਿੱਤਾ ਸੀ। ਜਦ ਉਸ ਨੂੰ ਸਾਰੇ ਗ਼ੁਲਾਮਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ੍ਹ ਕੇ ਲਈ ਜਾਂਦਾ ਸੀ, ਜਿਹੜੇ ਯੇਰੂਸ਼ਲੇਮ ਅਤੇ ਯਹੂਦਾਹ ਤੋਂ ਗ਼ੁਲਾਮ ਹੋ ਕੇ ਬਾਬੇਲ ਨੂੰ ਲਿਆਏ ਜਾਂਦੇ ਸਨ।
2ਜਦੋਂ ਪਹਿਰੇਦਾਰਾਂ ਦੇ ਕਪਤਾਨ ਨੇ ਯਿਰਮਿਯਾਹ ਨੂੰ ਲੱਭਿਆ, ਉਸਨੇ ਉਸਨੂੰ ਕਿਹਾ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਇਸ ਜਗ੍ਹਾ ਲਈ ਇਹ ਤਬਾਹੀ ਦਾ ਹੁਕਮ ਦਿੱਤਾ ਹੈ।
3ਅਤੇ ਹੁਣ ਯਾਹਵੇਹ ਇਸ ਨੂੰ ਲਿਆਇਆ ਹੈ; ਉਸਨੇ ਉਵੇਂ ਹੀ ਕੀਤਾ ਹੈ ਜਿਵੇਂ ਉਸਨੇ ਕਿਹਾ ਸੀ ਕਿ ਉਹ ਕਰੇਗਾ। ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਤੁਸੀਂ ਲੋਕਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਅਤੇ ਉਸਦਾ ਕਹਿਣਾ ਨਹੀਂ ਮੰਨਿਆ।
4ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ। ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬੇਲ ਨੂੰ ਚਲਾ ਚੱਲ। ਮੈਂ ਤੇਰੀ ਵੱਲ ਨਿਗਾਹ ਰੱਖਾਂਗਾ, ਅਤੇ ਜੇ ਤੈਨੂੰ ਮੇਰੇ ਨਾਲ ਬਾਬੇਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾ। ਵੇਖ, ਸਾਰਾ ਦੇਸ ਤੇਰੇ ਅੱਗੇ ਹੈ, ਜਿੱਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾ।”
5ਪਰ, ਯਿਰਮਿਯਾਹ ਦੇ ਜਾਣ ਤੋਂ ਪਹਿਲਾਂ, ਇੱਕ ਨਬੂਜ਼ਰਦਾਨ ਨੇ ਅੱਗੇ ਕਿਹਾ, “ਸ਼ਾਫਾਨ ਦੇ ਪੁੱਤਰ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਵਾਪਸ ਜਾਓ, ਜਿਸ ਨੂੰ ਬਾਬੇਲ ਦੇ ਰਾਜੇ ਨੇ ਯਹੂਦਾਹ ਦੇ ਕਸਬਿਆਂ ਉੱਤੇ ਨਿਯੁਕਤ ਕੀਤਾ ਹੈ, ਅਤੇ ਉਸ ਦੇ ਨਾਲ ਲੋਕਾਂ ਵਿੱਚ ਰਹੋ, ਨਹੀਂ ਤਾਂ ਤੁਸੀਂ ਕਿਰਪਾ ਕਰਕੇ ਕਿਤੇ ਵੀ ਚਲੇ ਜਾਓ।” ਫਿਰ ਜੱਲਾਦਾਂ ਦੇ ਕਪਤਾਨ ਨੇ ਉਹ ਨੂੰ ਰਸਤ ਅਤੇ ਨਜ਼ਰਾਨਾ ਦੇ ਕੇ ਉਹ ਨੂੰ ਵਿਦਿਆ ਕਰ ਦਿੱਤਾ।