15ਅਤੇ ਲੋਕਾਂ ਦੇ ਅੱਤ ਗਰੀਬਾਂ ਵਿੱਚੋਂ ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜਿਹੜੇ ਬਾਬੇਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਕਾਰੀਗਰਾਂ ਦੇ ਬਚੇ ਹੋਏ ਲੋਕਾਂ ਨੂੰ ਪਹਿਰੇਦਾਰਾਂ ਦਾ ਸਰਦਾਰ ਨਬੂਜ਼ਰਦਾਨ ਗ਼ੁਲਾਮ ਬਣਾ ਕੇ ਲੈ ਗਿਆ।
16ਪਰ ਨਬੂਜ਼ਰਦਾਨ ਨੇ ਅੰਗੂਰੀ ਬਾਗਾਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਦੇਸ਼ ਦੇ ਬਾਕੀ ਗਰੀਬ ਲੋਕਾਂ ਨੂੰ ਪਿੱਛੇ ਛੱਡ ਦਿੱਤਾ।
17ਕਸਦੀਆਂ ਨੇ ਕਾਂਸੀ ਦੇ ਥੰਮ੍ਹਾਂ, ਖੰਭਿਆਂ ਅਤੇ ਕਾਂਸੀ ਦੇ ਸਮੁੰਦਰ ਨੂੰ ਤੋੜ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ ਅਤੇ ਉਹ ਸਾਰਾ ਪਿੱਤਲ ਬਾਬੇਲ ਦੇਸ਼ ਵਿੱਚ ਲੈ ਗਏ।
18ਅਤੇ ਉਹ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਲੈ ਗਏ।
19ਸ਼ਾਹੀ ਪਹਿਰੇਦਾਰਾਂ ਦੇ ਅਧਿਕਾਰੀਆਂ ਨੇ ਕਟੋਰੇ, ਧੂਪਦਾਨ, ਛਿੜਕਣ ਵਾਲੇ ਕਟੋਰੇ, ਬਰਤਨ, ਸ਼ਮਾਦਾਨ, ਪਕਵਾਨ ਅਤੇ ਪੀਣ ਦੀਆਂ ਭੇਟਾਂ ਲਈ ਵਰਤੇ ਗਏ, ਕਟੋਰੇ ਉਹ ਸਭ ਕੁਝ ਜੋ ਸ਼ੁੱਧ ਸੋਨੇ ਜਾਂ ਚਾਂਦੀ ਦੇ ਬਣੇ ਹੋਏ ਸਨ ਲੈ ਗਏ।