1“ ‘ਯਾਹਵੇਹ ਦਾ ਵਾਕ ਹੈ, ਉਸ ਸਮੇਂ ਯਹੂਦਾਹ ਦੇ ਰਾਜਿਆਂ ਅਤੇ ਅਧਿਕਾਰੀਆਂ ਦੀਆਂ ਹੱਡੀਆਂ, ਜਾਜਕਾਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯੇਰੂਸ਼ਲੇਮ ਦੇ ਲੋਕਾਂ ਦੀਆਂ ਹੱਡੀਆਂ ਉਹਨਾਂ ਦੀਆਂ ਕਬਰਾਂ ਵਿੱਚੋਂ ਕੱਢੀਆਂ ਜਾਣਗੀਆਂ।
2ਉਹ ਉਹਨਾਂ ਨੂੰ ਸੂਰਜ, ਚੰਦ ਅਤੇ ਅਕਾਸ਼ ਦੀ ਸਾਰੀ ਸੈਨਾਂ ਅੱਗੇ ਖਿਲਾਰ ਦੇਣਗੇ ਜਿਹਨਾਂ ਨੂੰ ਉਹ ਪਿਆਰ ਕਰਦੇ, ਜਿਹਨਾਂ ਦੀ ਉਹ ਪੂਜਾ ਕਰਦੇ, ਜਿਹਨਾਂ ਦੇ ਉਹ ਪਿੱਛੇ ਚਲਦੇ, ਜਿਹਨਾਂ ਦੇ ਉਹ ਤਾਲਿਬ ਸਨ ਅਤੇ ਜਿਹਨਾਂ ਨੂੰ ਉਹ ਮੱਥਾ ਟੇਕਦੇ ਸਨ। ਉਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਉਹ ਸਿਰਫ ਰੂੜੀ ਦੀ ਮਿੱਟੀ ਵਾਂਗ ਹੋਣਗੀਆਂ।
3ਜਿੱਥੇ ਕਿਤੇ ਵੀ ਮੈਂ ਉਹਨਾਂ ਨੂੰ ਬਾਹਰ ਕੱਢਾਂਗਾ, ਇਸ ਦੁਸ਼ਟ ਕੌਮ ਦੇ ਸਾਰੇ ਬਚੇ ਹੋਏ ਲੋਕ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’