1ਯੋਆਸ਼ ਸੱਤ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬੇਰਸ਼ੇਬਾ ਤੋਂ ਸੀ।
2ਯੋਆਸ਼ ਨੇ ਯਹੋਯਾਦਾ ਜਾਜਕ ਦੇ ਸਾਰੇ ਸਾਲਾਂ ਵਿੱਚ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ।
3ਯਹੋਯਾਦਾ ਨੇ ਉਸ ਦੇ ਲਈ ਦੋ ਪਤਨੀਆਂ ਚੁਣੀਆਂ ਅਤੇ ਉਹਨਾਂ ਪਤਨੀਆਂ ਤੋਂ ਉਸ ਦੇ ਪੁੱਤਰ ਅਤੇ ਧੀਆਂ ਪੈਦਾ ਹੋਏ।
4ਕੁਝ ਸਮੇਂ ਬਾਅਦ ਯੋਆਸ਼ ਨੇ ਯਾਹਵੇਹ ਦੇ ਮੰਦਰ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ।
5ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਯਹੂਦਾਹ ਦੇ ਕਸਬਿਆਂ ਵਿੱਚ ਜਾਓ ਅਤੇ ਸਾਰੇ ਇਸਰਾਏਲ ਤੋਂ ਹਰ ਸਾਲ ਆਪਣੇ ਪਰਮੇਸ਼ਵਰ ਦੇ ਮੰਦਰ ਦੀ ਮੁਰੰਮਤ ਕਰਨ ਲਈ ਪੈਸਾ ਇਕੱਠਾ ਕਰੋ।” ਪਰ ਲੇਵੀਆਂ ਨੇ ਤੁਰੰਤ ਇਹ ਕਾਰਵਾਈ ਨਹੀਂ ਕੀਤੀ।