5ਅਮਾਜ਼ਯਾਹ ਨੇ ਯਹੂਦਾਹ ਦੇ ਲੋਕਾਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਹਜ਼ਾਰਾਂ ਦੇ ਸਰਦਾਰ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਲਈ ਸੈਂਕੜੇ ਦੇ ਸਰਦਾਰਾਂ ਨੂੰ ਨਿਯੁਕਤ ਕੀਤਾ। ਉਸ ਨੇ ਫਿਰ ਉਹਨਾਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਦੇਖਿਆ ਕਿ ਫੌਜੀ ਸੇਵਾ ਲਈ ਤਿੰਨ ਲੱਖ ਆਦਮੀ ਸਨ, ਜੋ ਬਰਛੇ ਅਤੇ ਢਾਲ਼ ਨੂੰ ਸੰਭਾਲਣ ਦੇ ਯੋਗ ਸਨ।
6ਉਸਨੇ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦੇ ਬਦਲੇ ਇਸਰਾਏਲ ਵਿੱਚੋਂ ਇੱਕ ਲੱਖ ਲੜਾਕੇ ਵੀ ਰੱਖੇ।
7ਪਰ ਇੱਕ ਪਰਮੇਸ਼ਵਰ ਦੇ ਬੰਦੇ ਨੇ ਉਸ ਦੇ ਕੋਲ ਆਣ ਕੇ ਆਖਿਆ, “ਹੇ ਪਾਤਸ਼ਾਹ, ਇਸਰਾਏਲ ਦੀ ਇਸ ਫ਼ੌਜ ਨੂੰ ਆਪਣੇ ਨਾਲ ਨਾ ਲੈ ਜਾਓ। ਕਿਉਂ ਜੋ ਯਾਹਵੇਹ ਇਸਰਾਏਲ ਦੀ ਫ਼ੌਜ ਦੇ ਪੱਖ ਵਿੱਚ ਨਹੀਂ ਹੈ ਅਤੇ ਨਾ ਹੀ ਇਫ਼ਰਾਈਮ ਦੇ ਵੰਸ਼ ਵਿੱਚੋਂ ਕਿਸੇ ਦੇ ਪਾਸੇ ਹੈ।
8ਭਾਵੇਂ ਤੁਸੀਂ ਜਾ ਕੇ ਦਲੇਰੀ ਨਾਲ ਲੜਾਈ ਵਿੱਚ ਲੜੋ, ਪਰਮੇਸ਼ਵਰ ਤੁਹਾਨੂੰ ਦੁਸ਼ਮਣ ਦੇ ਅੱਗੇ ਪਛਾੜ ਦੇਵੇਗਾ, ਕਿਉਂਕਿ ਪਰਮੇਸ਼ਵਰ ਕੋਲ ਮਦਦ ਕਰਨ ਜਾਂ ਹਰਾਉਣ ਦੀ ਸ਼ਕਤੀ ਹੈ।”
9ਅਮਾਜ਼ਯਾਹ ਨੇ ਪਰਮੇਸ਼ਵਰ ਦੇ ਬੰਦੇ ਨੂੰ ਪੁੱਛਿਆ, “ਪਰ ਮੈਂ ਇਨ੍ਹਾਂ ਇਸਰਾਏਲੀ ਫ਼ੌਜਾਂ ਲਈ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦਿੱਤੀ ਹੈ?” ਪਰਮੇਸ਼ਵਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਇਸ ਤੋਂ ਵੱਧ ਦੇ ਸਕਦਾ ਹੈ।”