29ਜਦੋਂ ਚੜ੍ਹਾਵਾ ਖਤਮ ਹੋ ਗਿਆ ਤਾਂ ਰਾਜਾ ਅਤੇ ਉਸ ਦੇ ਨਾਲ ਮੌਜੂਦ ਸਾਰੇ ਲੋਕਾਂ ਨੇ ਗੋਡੇ ਟੇਕ ਕੇ ਮੱਥਾ ਟੇਕਿਆ।
30ਰਾਜਾ ਹਿਜ਼ਕੀਯਾਹ ਅਤੇ ਉਸ ਦੇ ਅਧਿਕਾਰੀਆਂ ਨੇ ਲੇਵੀਆਂ ਨੂੰ ਦਾਵੀਦ ਅਤੇ ਆਸਾਫ਼ ਦਰਸ਼ਕ ਦੇ ਸ਼ਬਦਾਂ ਨਾਲ ਯਾਹਵੇਹ ਦੀ ਉਸਤਤ ਕਰਨ ਦਾ ਹੁਕਮ ਦਿੱਤਾ। ਇਸ ਲਈ ਉਹਨਾਂ ਨੇ ਖੁਸ਼ੀ ਨਾਲ ਉਸਤਤ ਗਾਈ ਅਤੇ ਮੱਥਾ ਟੇਕਿਆ।
31ਫਿਰ ਹਿਜ਼ਕੀਯਾਹ ਨੇ ਕਿਹਾ, “ਤੁਸੀਂ ਹੁਣ ਆਪਣੇ ਆਪ ਨੂੰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਹੈ। ਆਓ ਅਤੇ ਯਾਹਵੇਹ ਦੇ ਭਵਨ ਵਿੱਚ ਬਲੀਦਾਨ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਓ।” ਇਸ ਲਈ ਸਭਾ ਬਲੀਆਂ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਈ ਅਤੇ ਜਿਨ੍ਹਾਂ ਦੇ ਦਿਲਾਂ ਨੇ ਚਾਹਿਆ ਉਹ ਹੋਮ ਦੀਆਂ ਭੇਟਾਂ ਲਿਆਏ।
32ਸਭਾ ਵੱਲੋਂ ਲਿਆਂਦੇ ਗਏ ਹੋਮ ਬਲੀਆਂ ਦੀ ਗਿਣਤੀ ਸੱਤਰ ਬਲਦ, ਸੌ ਭੇਡੂ ਅਤੇ ਦੋ ਸੌ ਭੇਡ ਦੇ ਬੱਚੇ ਸਨ, ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਲਈ ਸਨ।
33ਬਲੀਦਾਨ ਵਜੋਂ ਪਵਿੱਤਰ ਕੀਤੇ ਗਏ ਜਾਨਵਰ ਛੇ ਸੌ ਬਲਦ ਅਤੇ ਤਿੰਨ ਹਜ਼ਾਰ ਭੇਡਾਂ ਅਤੇ ਬੱਕਰੀਆਂ ਸਨ।