14ਇਸ ਤੋਂ ਇਲਾਵਾ, ਜਾਜਕਾਂ ਦੇ ਸਾਰੇ ਆਗੂ ਅਤੇ ਲੋਕ ਹੋਰ ਵੀ ਬੇਵਫ਼ਾ ਹੁੰਦੇ ਗਏ, ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਦਾ ਪਾਲਣ ਕਰਦੇ ਹੋਏ ਅਤੇ ਯਾਹਵੇਹ ਦੇ ਮੰਦਰ ਨੂੰ ਅਸ਼ੁੱਧ ਕਰਦੇ ਗਏ ਜਿਸ ਨੂੰ ਉਸ ਨੇ ਯੇਰੂਸ਼ਲੇਮ ਵਿੱਚ ਪਵਿੱਤਰ ਕੀਤਾ ਸੀ।
15ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਰਾਹੀਂ ਉਹਨਾਂ ਨੂੰ ਵਾਰ-ਵਾਰ ਸੰਦੇਸ਼ ਭੇਜਿਆ, ਕਿਉਂਕਿ ਉਹ ਆਪਣੇ ਲੋਕਾਂ ਅਤੇ ਆਪਣੇ ਨਿਵਾਸ ਸਥਾਨ ਉੱਤੇ ਤਰਸ ਕਰਦਾ ਸੀ।
16ਪਰ ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ਵਾਹਕਾਂ ਦਾ ਮਜ਼ਾਕ ਉਡਾਇਆ, ਉਸ ਦੇ ਸ਼ਬਦਾਂ ਨੂੰ ਤੁੱਛ ਸਮਝਿਆ ਅਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ ਜਦੋਂ ਤੱਕ ਕਿ ਯਾਹਵੇਹ ਦਾ ਕ੍ਰੋਧ ਉਸ ਦੇ ਲੋਕਾਂ ਦੇ ਵਿਰੁੱਧ ਭੜਕਿਆ ਅਤੇ ਕੋਈ ਉਪਾਅ ਨਹੀਂ ਹੋਇਆ।
17ਤਦ ਪਰਮੇਸ਼ਵਰ ਨੇ ਕਸਦੀਆਂ ਦੇ ਰਾਜੇ ਨੂੰ ਉਹਨਾਂ ਦੇ ਵਿਰੁੱਧ ਲਿਆਇਆ। ਉਸ ਨੇ ਉਹਨਾਂ ਦੇ ਜਵਾਨਾਂ ਨੂੰ ਉਹਨਾਂ ਦੇ ਹੀ ਪਵਿੱਤਰ ਸਥਾਨ ਵਿੱਚ ਮਾਰ ਦਿੱਤਾ। ਉਸ ਨੇ ਨਾ ਤਾਂ ਨੌਜਵਾਨਾਂ ਉੱਤੇ, ਨਾ ਕੁਆਰੀਆਂ ਉੱਤੇ, ਨਾ ਬੁੱਢਿਆਂ ਉੱਤੇ ਅਤੇ ਨਾ ਹੀ ਕਮਜ਼ੋਰਾਂ ਉੱਤੇ ਦਇਆ ਦਿਖਾਈ। ਪਰਮੇਸ਼ਵਰ ਨੇ ਸਾਰਿਆਂ ਨਬੂਕਦਨੇਜ਼ਰ ਦੇ ਅਧੀਨ ਰੱਖਿਆ।
18ਉਹ ਪਰਮੇਸ਼ਵਰ ਦੇ ਭਵਨ ਦੀਆਂ ਛੋਟੀਆਂ ਅਤੇ ਵੱਡੀਆਂ ਸਾਰੀਆਂ ਵਸਤਾਂ, ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਅਤੇ ਉਸ ਦੇ ਸਾਥੀ ਹਾਕਮਾਂ ਦੇ ਖ਼ਜ਼ਾਨੇ ਨੂੰ ਆਪਣੇ ਨਾਲ ਬਾਬੇਲ ਲੈ ਗਿਆ।