15ਇਸ ਲਈ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ ਜੋ ਮੇਰੇ ਨਾਮ ਲੈ ਕੇ ਭਵਿੱਖਬਾਣੀ ਕਰਦੇ ਹਨ: ਮੈਂ ਉਹਨਾਂ ਨੂੰ ਨਹੀਂ ਭੇਜਿਆ, ਪਰ ਉਹ ਫਿਰ ਵੀ ਕਹਿ ਰਹੇ ਹਨ, ‘ਕੋਈ ਤਲਵਾਰ ਜਾਂ ਕਾਲ ਇਸ ਧਰਤੀ ਨੂੰ ਨਹੀਂ ਛੂਹੇਗਾ।’ ਉਹੀ ਨਬੀ ਤਲਵਾਰ ਅਤੇ ਕਾਲ ਨਾਲ ਮਰ ਜਾਣਗੇ।
16ਅਤੇ ਜਿਨ੍ਹਾਂ ਲੋਕਾਂ ਬਾਰੇ ਉਹ ਭਵਿੱਖਬਾਣੀ ਕਰ ਰਹੇ ਹਨ, ਉਹਨਾਂ ਨੂੰ ਕਾਲ ਅਤੇ ਤਲਵਾਰ ਦੇ ਕਾਰਨ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਸੁੱਟ ਦਿੱਤਾ ਜਾਵੇਗਾ। ਉਹਨਾਂ ਨੂੰ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਪੁੱਤਰਾਂ ਅਤੇ ਉਹਨਾਂ ਦੀਆਂ ਧੀਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੋਵੇਗਾ। ਮੈਂ ਉਹਨਾਂ ਉੱਤੇ ਉਹ ਬਿਪਤਾ ਪਾਵਾਂਗਾ ਜਿਸ ਦੇ ਉਹ ਹੱਕਦਾਰ ਹਨ।
17“ਉਹਨਾਂ ਨੂੰ ਇਹ ਸ਼ਬਦ ਕਹੋ: “ ‘ਮੇਰੀਆਂ ਅੱਖਾਂ ਲਗਾਤਾਰ ਰਾਤ ਅਤੇ ਦਿਨ ਹੰਝੂ ਵਹਾਉਣਗੀਆਂ ਅਤੇ ਰੁਕਣਗੀਆਂ ਨਹੀਂ; ਕਿਉਂਕਿ ਮੇਰੇ ਲੋਕਾਂ ਦੀ ਕੁਆਰੀ ਧੀ ਨੂੰ ਇੱਕ ਗੰਭੀਰ ਜ਼ਖ਼ਮ, ਇੱਕ ਕੁਚਲਣ ਵਾਲਾ ਝਟਕਾ ਲੱਗਾ ਹੈ।
18ਜੇਕਰ ਮੈਂ ਦੇਸ਼ ਵਿੱਚ ਜਾਵਾਂ, ਮੈਂ ਉਹਨਾਂ ਨੂੰ ਤਲਵਾਰ ਨਾਲ ਵੱਢੇ ਹੋਏ ਵੇਖਦਾ ਹਾਂ; ਜੇ ਮੈਂ ਸ਼ਹਿਰ ਵਿੱਚ ਜਾਵਾਂ, ਮੈਂ ਕਾਲ ਦੀ ਤਬਾਹੀ ਵੇਖਦਾ ਹਾਂ। ਨਬੀ ਅਤੇ ਜਾਜਕ ਦੋਨੋਂ ਉਸ ਦੇਸ਼ ਵਿੱਚ ਗਏ ਹਨ ਜਿਸ ਨੂੰ ਉਹ ਨਹੀਂ ਜਾਣਦੇ ਸਨ।’ ”
19ਕੀ ਤੂੰ ਯਹੂਦਾਹ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ? ਕੀ ਤੂੰ ਸੀਯੋਨ ਨੂੰ ਤੁੱਛ ਜਾਣਦਾ ਹੈ? ਤੂੰ ਸਾਨੂੰ ਕਿਉਂ ਦੁੱਖ ਦਿੱਤਾ ਹੈ ਤਾਂ ਜੋ ਅਸੀਂ ਚੰਗੇ ਨਾ ਹੋ ਸੱਕੀਏ? ਅਸੀਂ ਸ਼ਾਂਤੀ ਦੀ ਆਸ ਰੱਖੀ ਪਰ ਕੋਈ ਭਲਿਆਈ ਹੈ ਹੀ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਸਿਰਫ ਦਹਿਸ਼ਤ ਹੀ ਸੀ।