9ਉਹ ਰੋਂਦੇ ਹੋਵੇ ਆਉਣਗੇ; ਜਦੋਂ ਮੈਂ ਉਹਨਾਂ ਨੂੰ ਵਾਪਸ ਲਿਆਵਾਂਗਾ ਤਾਂ ਉਹ ਪ੍ਰਾਰਥਨਾ ਕਰਨਗੇ। ਮੈਂ ਉਹਨਾਂ ਨੂੰ ਪਾਣੀ ਦੀਆਂ ਨਦੀਆਂ ਦੇ ਕੰਢੇ ਇੱਕ ਪੱਧਰੇ ਮਾਰਗ ਉੱਤੇ ਲੈ ਜਾਵਾਂਗਾ ਜਿੱਥੇ ਉਹ ਠੋਕਰ ਨਾ ਖਾਣਗੇ, ਕਿਉਂਕਿ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਇਫ਼ਰਾਈਮ ਮੇਰਾ ਜੇਠਾ ਪੁੱਤਰ ਹੈ।
10“ਹੇ ਕੌਮੋ, ਯਾਹਵੇਹ ਦਾ ਬਚਨ ਸੁਣੋ; ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ‘ਉਹ ਜਿਸ ਨੇ ਇਸਰਾਏਲ ਨੂੰ ਖਿੰਡਾ ਦਿੱਤਾ ਹੈ ਉਹ ਉਹਨਾਂ ਨੂੰ ਇਕੱਠਾ ਕਰੇਗਾ ਅਤੇ ਇੱਕ ਆਜੜੀ ਵਾਂਗ ਆਪਣੇ ਇੱਜੜ ਦੀ ਨਿਗਰਾਨੀ ਕਰੇਗਾ।’
11ਕਿਉਂਕਿ ਯਾਹਵੇਹ ਇਸਰਾਏਲ ਦੇ ਲੋਕਾਂ ਨੂੰ ਛੁਡਾਵੇਗਾ ਅਤੇ ਉਹਨਾਂ ਨੂੰ ਉਹਨਾਂ ਨਾਲੋਂ ਤਾਕਤਵਰ ਲੋਕਾਂ ਦੇ ਹੱਥੋਂ ਛੁਡਾਵੇਗਾ।
12ਉਹ ਆਉਣਗੇ ਅਤੇ ਸੀਯੋਨ ਦੀਆਂ ਉਚਾਈਆਂ ਉੱਤੇ ਜੈਕਾਰੇ ਗਜਾਉਣਗੇ; ਅਨਾਜ, ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ, ਇੱਜੜਾਂ ਅਤੇ ਝੁੰਡਾਂ ਬੱਚਿਆਂ ਦੇ ਕਾਰਨ ਉਹ ਯਾਹਵੇਹ ਦੀ ਬਖਸ਼ੀਸ਼ ਵਿੱਚ ਅਨੰਦ ਕਰਨਗੇ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ।
13ਫਿਰ ਮੁਟਿਆਰਾਂ ਨੱਚਣਗੀਆਂ ਅਤੇ ਖੁਸ਼ ਹੋਣਗੀਆਂ, ਨੌਜਵਾਨ ਅਤੇ ਬੁੱਢੇ ਵੀ। ਮੈਂ ਉਹਨਾਂ ਦੇ ਸੋਗ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ। ਮੈਂ ਉਹਨਾਂ ਨੂੰ ਦੁੱਖ ਦੀ ਬਜਾਏ ਦਿਲਾਸਾ ਅਤੇ ਅਨੰਦ ਦਿਆਂਗਾ।