28ਜਿਵੇਂ ਮੈਂ ਉਹਨਾਂ ਨੂੰ ਪੁੱਟਣ ਅਤੇ ਢਾਉਣ ਲਈ, ਅਤੇ ਉਖਾੜ ਸੁੱਟਣ, ਤਬਾਹ ਕਰਨ ਅਤੇ ਤਬਾਹੀ ਲਿਆਉਣ ਲਈ ਉਹਨਾਂ ਦੀ ਨਿਗਰਾਨੀ ਕੀਤੀ ਸੀ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਬਣਾਉਣ ਅਤੇ ਬੀਜਣ ਲਈ ਦੇਖਾਂਗਾ,” ਯਾਹਵੇਹ ਦਾ ਵਾਕ ਹੈ।
29“ਉਹਨਾਂ ਦਿਨਾਂ ਵਿੱਚ ਲੋਕ ਇਹ ਨਹੀਂ ਕਹਿਣਗੇ, “ ‘ਮਾਪਿਆਂ ਨੇ ਖੱਟੇ ਅੰਗੂਰ ਖਾ ਲਏ ਹਨ, ਅਤੇ ਬੱਚਿਆਂ ਦੇ ਦੰਦ ਖੱਟੇ ਹੋ ਗਏ।’
30ਇਸ ਦੀ ਬਜਾਏ, ਹਰ ਕੋਈ ਆਪਣੇ ਹੀ ਪਾਪ ਲਈ ਮਰ ਜਾਵੇਗਾ; ਜੋ ਕੋਈ ਖੱਟੇ ਅੰਗੂਰਾਂ ਨੂੰ ਖਾਂਦਾ ਹੈ ਉਹਨਾਂ ਦੇ ਆਪਣੇ ਦੰਦ ਖੱਟੇ ਹੋ ਜਾਣਗੇ।
31“ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਇਸਰਾਏਲ ਦੇ ਲੋਕਾਂ ਨਾਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।
32ਇਹ ਉਸ ਨੇਮ ਵਰਗਾ ਨਹੀਂ ਹੋਵੇਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ, ਜਦੋਂ ਮੈਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆ ਸੀ, ਕਿਉਂਕਿ ਉਹਨਾਂ ਨੇ ਮੇਰਾ ਨੇਮ ਤੋੜਿਆ ਸੀ, ਭਾਵੇਂ ਕਿ ਮੈਂ ਉਹਨਾਂ ਦੇ ਪਤੀ ਵਰਗਾ ਸੀ।” ਯਾਹਵੇਹ ਦਾ ਵਾਕ ਹੈ।