20ਤੂੰ ਮਿਸਰ ਵਿੱਚ ਨਿਸ਼ਾਨ ਅਤੇ ਅਚੰਭੇ ਦਿਖਾਏ ਅਤੇ ਉਹਨਾਂ ਨੂੰ ਅੱਜ ਤੱਕ ਇਸਰਾਏਲ ਵਿੱਚ ਅਤੇ ਸਾਰੀ ਮਨੁੱਖਜਾਤੀ ਵਿੱਚ ਜਾਰੀ ਰੱਖਿਆ ਹੈ ਅਤੇ ਉਹ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਜੋ ਅਜੇ ਵੀ ਤੁਹਾਡੀ ਹੈ।
21ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ, ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਬਹੁਤ ਡਰ ਨਾਲ ਲਿਆਇਆ।
22ਤੂੰ ਉਹਨਾਂ ਨੂੰ ਇਹ ਧਰਤੀ ਦਿੱਤੀ ਸੀ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।
23ਉਹਨਾਂ ਨੇ ਉਸ ਵਿੱਚ ਆ ਕੇ ਇਸ ਉੱਤੇ ਕਬਜ਼ਾ ਕਰ ਲਿਆ, ਪਰ ਉਹਨਾਂ ਨੇ ਤੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਤੇਰੇ ਕਾਨੂੰਨ ਦੀ ਪਾਲਣਾ ਕੀਤੀ; ਉਹਨਾਂ ਨੇ ਉਹ ਨਹੀਂ ਕੀਤਾ ਜੋ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ ਤੂੰ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਂਦੀ ਹੈ।
24“ਦੇਖੋ ਸ਼ਹਿਰ ਨੂੰ ਲੈ ਜਾਣ ਲਈ ਘੇਰਾਬੰਦੀ ਦੇ ਢਲਾਣ ਕਿਵੇਂ ਬਣਾਏ ਗਏ ਹਨ। ਤਲਵਾਰ, ਕਾਲ ਅਤੇ ਬਿਮਾਰੀ ਦੇ ਕਾਰਨ, ਸ਼ਹਿਰ ਨੂੰ ਕਸਦੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਇਸ ਉੱਤੇ ਹਮਲਾ ਕਰ ਰਹੇ ਹਨ। ਜੋ ਤੁੂੰ ਕਿਹਾ ਉਹ ਹੋਇਆ, ਜਿਵੇਂ ਤੂੰ ਹੁਣ ਆਪ ਵੇਖਿਆ ਹੈ।