3ਪਰ ਨੇਰੀਯਾਹ ਦਾ ਪੁੱਤਰ ਬਾਰੂਕ ਤੈਨੂੰ ਸਾਡੇ ਵਿਰੁੱਧ ਉਕਸਾਇਆ ਹੈ ਕਿ ਸਾਨੂੰ ਕਸਦੀਆਂ ਦੇ ਹਵਾਲੇ ਕਰ, ਤਾਂ ਜੋ ਉਹ ਸਾਨੂੰ ਮਾਰ ਦੇਣ ਜਾਂ ਸਾਨੂੰ ਗੁਲਾਮ ਬਣਾ ਕੇ ਬਾਬੇਲ ਨੂੰ ਲੈ ਜਾਣ।”
4ਇਸ ਲਈ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਸਾਰੇ ਫ਼ੌਜੀ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਯਹੂਦਾਹ ਦੇ ਦੇਸ਼ ਵਿੱਚ ਰਹਿਣ ਲਈ ਯਾਹਵੇਹ ਦੇ ਹੁਕਮ ਦੀ ਉਲੰਘਣਾ ਕੀਤੀ।
5ਫਿਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਯਹੂਦਾਹ ਦੇ ਸਾਰੇ ਬਚੇ ਹੋਏ ਲੋਕੋਂ ਨੂੰ ਲਿਆ ਜਿਹੜਾ ਸਾਰੀਆਂ ਕੌਮਾਂ ਵਿੱਚੋਂ ਜਿੱਥੇ ਉਹ ਖੇਰੂੰ-ਖੇਰੂੰ ਹੋ ਗਏ ਸਨ ਯਹੂਦਾਹ ਦੇ ਦੇਸ਼ ਵਿੱਚ ਟਿਕਣ ਲਈ ਮੁੜ ਆਏ ਸਨ।
6ਅਰਥਾਤ ਮਰਦਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ, ਰਾਜਾ ਦੀਆਂ ਧੀਆਂ ਨੂੰ ਅਤੇ ਸਾਰੀਆਂ ਜਾਨਾਂ ਨੂੰ ਜਿਹਨਾਂ ਨੂੰ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਅਤੇ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਕੋਲ ਛੱਡਿਆ ਸੀ।
7ਇਸ ਲਈ ਉਹ ਯਾਹਵੇਹ ਦੀ ਅਣ-ਆਗਿਆਕਾਰੀ ਵਿੱਚ ਮਿਸਰ ਵਿੱਚ ਦਾਖਲ ਹੋਏ ਅਤੇ ਤਾਹਪਨਹੇਸ ਤੱਕ ਚਲੇ ਗਏ।