12ਇੰਨਾ ਬੁੱਧਵਾਨ ਕੌਣ ਹੈ ਜੋ ਇਸ ਨੂੰ ਸਮਝ ਸਕੇ? ਅਤੇ ਉਹ ਕੌਣ ਹੈ ਜਿਸ ਨਾਲ ਯਾਹਵੇਹ ਨੇ ਗੱਲ ਕੀਤੀ ਤਾਂ ਜੋ ਉਹ ਇਸ ਦਾ ਅਰਥ ਕਰ ਸਕੇ? ਧਰਤੀ ਕਿਉਂ ਨਸ਼ਟ ਕਰ ਦਿੱਤੀ ਗਈ ਹੈ ਅਤੇ ਉਜਾੜ ਵਾਂਗ ਉਜਾੜ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਦੀ ਕੋਈ ਨਹੀਂ ਲੰਘਦਾ?
13ਯਾਹਵੇਹ ਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਹੈ, ਜੋ ਮੈਂ ਉਹਨਾਂ ਦੇ ਅੱਗੇ ਰੱਖੀ ਸੀ; ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਮੇਰੇ ਕਾਨੂੰਨ ਦੀ ਪਾਲਣਾ ਕੀਤੀ ਹੈ।
14ਇਸ ਦੀ ਬਜਾਏ, ਉਹ ਆਪਣੇ ਦਿਲ ਦੀ ਜ਼ਿੱਦ ਦੇ ਪਿੱਛੇ ਤੁਰੇ ਹਨ; ਉਹਨਾਂ ਨੇ ਬਆਲ ਦੇਵਤੇ ਦੀ ਪਾਲਣਾ ਕੀਤੀ ਹੈ, ਜਿਵੇਂ ਕਿ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ।”
15ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: “ਵੇਖੋ, ਮੈਂ ਇਨ੍ਹਾਂ ਲੋਕਾਂ ਨੂੰ ਕੌੜਾ ਭੋਜਨ ਖਾਣ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ।
16ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਖਿੰਡਾ ਦਿਆਂਗਾ ਜਿਹਨਾਂ ਨੂੰ ਨਾ ਉਹਨਾਂ ਨੇ ਅਤੇ ਨਾ ਉਹਨਾਂ ਦੇ ਪੁਰਖਿਆਂ ਨੇ ਜਾਣਿਆ ਸੀ, ਅਤੇ ਮੈਂ ਉਹਨਾਂ ਨੂੰ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ ਜਦੋਂ ਤੱਕ ਮੈਂ ਉਹਨਾਂ ਦਾ ਅੰਤ ਨਾ ਕਰ ਲਵਾਂ।”