11ਵੇਖੋ, ਉਹ ਸਾਨੂੰ ਉਸ ਕਬਜ਼ੇ ਵਿੱਚੋਂ ਕੱਢਣ ਲਈ ਆਏ ਹਨ, ਜਿਹੜੀ ਤੁਸੀਂ ਸਾਨੂੰ ਵਿਰਾਸਤ ਵਜੋਂ ਦਿੱਤੀ ਸੀ।
12ਸਾਡੇ ਪਰਮੇਸ਼ਵਰ, ਕੀ ਤੁਸੀਂ ਉਹਨਾਂ ਦਾ ਨਿਆਂ ਨਹੀਂ ਕਰੋਗੇ? ਕਿਉਂਕਿ ਸਾਡੇ ਕੋਲ ਇਸ ਵਿਸ਼ਾਲ ਫ਼ੌਜ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੈ ਜੋ ਸਾਡੇ ਉੱਤੇ ਹਮਲਾ ਕਰ ਰਹੀ ਹੈ। ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਪਰ ਸਾਡੀਆਂ ਨਜ਼ਰਾਂ ਤੇਰੇ ਵੱਲ ਹਨ।”
13ਯਹੂਦਾਹ ਦੇ ਸਾਰੇ ਆਦਮੀ, ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਸਮੇਤ, ਯਾਹਵੇਹ ਦੇ ਅੱਗੇ ਖੜ੍ਹੇ ਸਨ।
14ਤਦ ਯਾਹਵੇਹ ਦਾ ਆਤਮਾ ਜ਼ਕਰਯਾਹ ਦੇ ਪੁੱਤਰ ਯਹਜ਼ੀਏਲ ਉੱਤੇ ਆਇਆ, ਜੋ ਬਨਾਯਾਹ ਦਾ ਪੁੱਤਰ, ਯਈਏਲ ਦਾ ਪੁੱਤਰ, ਜੋ ਮੱਤਨਯਾਹ ਦਾ ਪੁੱਤਰ ਸੀ, ਜੋ ਇੱਕ ਲੇਵੀ ਅਤੇ ਆਸਾਫ਼ ਦਾ ਉੱਤਰਾਧਿਕਾਰੀ ਸੀ, ਜਦੋਂ ਉਹ ਸਭਾ ਵਿੱਚ ਖੜ੍ਹਾ ਸੀ।
15ਉਸ ਨੇ ਕਿਹਾ, “ਹੇ ਰਾਜਾ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ ਸੁਣੋ! ਇਹ ਉਹ ਹੈ ਜੋ ਯਾਹਵੇਹ ਤੁਹਾਨੂੰ ਆਖਦਾ ਹੈ: ‘ਇਸ ਵਿਸ਼ਾਲ ਸੈਨਾ ਦੇ ਕਾਰਨ ਡਰੋ ਜਾਂ ਨਿਰਾਸ਼ ਨਾ ਹੋਵੋ ਕਿਉਂਕਿ ਲੜਾਈ ਤੁਹਾਡੀ ਨਹੀਂ, ਪਰ ਪਰਮੇਸ਼ਵਰ ਦੀ ਹੈ।