2ਤੂੰ ਉਹਨਾਂ ਨੂੰ ਲਾਇਆ ਅਤੇ ਉਹਨਾਂ ਨੇ ਜੜ੍ਹ ਵੀ ਫੜ ਲਈ; ਉਹ ਵਧਦੇ ਅਤੇ ਫਲ ਦਿੰਦੇ ਹਨ। ਤੂੰ ਸਦਾ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ ਪਰ ਉਹਨਾਂ ਦੇ ਦਿਲਾਂ ਤੋਂ ਦੂਰ ਹੈ।
3ਪਰ ਹੇ ਯਾਹਵੇਹ, ਤੂੰ ਮੈਨੂੰ ਜਾਣਦਾ ਹੈ; ਤੂੰ ਮੈਨੂੰ ਜਾਚਦਾ ਹੈ ਅਤੇ ਮੇਰੇ ਵਿਚਾਰਾਂ ਨੂੰ ਪਰਖਦਾ ਹੈ ਜਿਹੜੇ ਤੇਰੇ ਬਾਰੇ ਹਨ। ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਉਹਨਾਂ ਨੂੰ ਕਤਲ ਦੇ ਦਿਨ ਲਈ ਵੱਖਰਾ ਰੱਖ!
4ਕਦ ਤੱਕ ਧਰਤੀ ਸੁੱਕੀ ਰਹੇਗੀ ਅਤੇ ਹਰ ਖੇਤ ਦਾ ਘਾਹ ਕੁਮਲਾਇਆ ਰਹੇਗਾ? ਕਿਉਂ ਜੋ ਉਸ ਵਿੱਚ ਰਹਿਣ ਵਾਲੇ ਦੁਸ਼ਟ ਹਨ, ਜਾਨਵਰ ਅਤੇ ਪੰਛੀ ਨਾਸ ਹੋ ਗਏ ਹਨ। ਇਸ ਤੋਂ ਇਲਾਵਾ, ਲੋਕ ਕਹਿ ਰਹੇ ਹਨ, “ਉਹ ਨਹੀਂ ਵੇਖੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”
5“ਜੇਕਰ ਤੂੰ ਆਦਮੀਆਂ ਨਾਲ ਦੌੜ ਕੇ, ਥੱਕ ਗਿਆ ਹੈ, ਤਾਂ ਤੂੰ ਘੋੜਿਆਂ ਨਾਲ ਕਿਵੇਂ ਮੁਕਾਬਲਾ ਕਰੇਂਗਾ? ਜੇਕਰ ਤੂੰ ਮੈਦਾਨ ਵਿੱਚ ਖੜਾ ਨਹੀਂ ਹੋ ਸਕਦਾ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ?
6ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ, ਇਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ; ਉਹਨਾਂ ਨੇ ਤੇਰੇ ਵਿਰੁੱਧ ਉੱਚੀ ਆਵਾਜ਼ ਉਠਾਈ ਹੈ। ਉਹਨਾਂ ਤੇ ਭਰੋਸਾ ਨਾ ਕਰੋ, ਭਾਵੇਂ ਉਹ ਤੁਹਾਡੇ ਬਾਰੇ ਚੰਗਾ ਬੋਲਣ।