1ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਾ ਅਤੇ ਘੁਮਿਆਰ ਤੋਂ ਇੱਕ ਮਿੱਟੀ ਦਾ ਘੜਾ ਖਰੀਦ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ
2ਅਤੇ ਬੇਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਉਹਨਾਂ ਗੱਲਾਂ ਨੂੰ ਬੋਲ ਜਿਹੜੀਆਂ ਮੈਂ ਤੈਨੂੰ ਦੱਸਾਂਗਾ,
3ਅਤੇ ਆਖਣਾ, ‘ਯਹੂਦਾਹ ਦੇ ਰਾਜੇ ਅਤੇ ਯੇਰੂਸ਼ਲੇਮ ਦੇ ਲੋਕੋ, ਪਰਮੇਸ਼ਵਰ ਦਾ ਬਚਨ ਸੁਣੋ। ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ: ਸੁਣੋ! ਮੈਂ ਇਸ ਜਗ੍ਹਾ ਤੇ ਇੱਕ ਅਜਿਹੀ ਤਬਾਹੀ ਲਿਆਉਣ ਜਾ ਰਿਹਾ ਹਾਂ ਜਿਸ ਨੂੰ ਸੁਣਨ ਵਾਲੇ ਹਰ ਵਿਅਕਤੀ ਦੇ ਕੰਨ ਝੁਣਝੁਣਾ ਜਾਣਗੇ।
4ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਇਸ ਨੂੰ ਵਿਦੇਸ਼ੀ ਦੇਵਤਿਆਂ ਦਾ ਸਥਾਨ ਬਣਾ ਦਿੱਤਾ ਹੈ। ਉਹਨਾਂ ਨੇ ਉਹਨਾਂ ਦੇਵਤਿਆਂ ਲਈ ਧੂਪ ਧੁਖਾਈ ਹੈ ਜਿਨ੍ਹਾਂ ਦਾ ਨਾ ਤਾਂ ਉਹਨਾਂ ਨੂੰ, ਨਾ ਉਹਨਾਂ ਦੇ ਪੁਰਖਿਆਂ ਅਤੇ ਨਾ ਹੀ ਯਹੂਦਾਹ ਦੇ ਰਾਜਿਆਂ ਨੂੰ ਕਦੇ ਪਤਾ ਸੀ ਅਤੇ ਉਹਨਾਂ ਨੇ ਇਸ ਥਾਂ ਨੂੰ ਨਿਰਦੋਸ਼ਾਂ ਦੇ ਲਹੂ ਨਾਲ ਭਰ ਦਿੱਤਾ ਹੈ।